
ਲੁਧਿਆਣਾ 'ਚ ਅੱਜ ਹੋਇਆ ਕੋਰੋਨਾ ਦਾ ਜ਼ਬਰਦਸਤ ਧਮਾਕਾ, 39 ਮਾਮਲੇ ਸਾਹਮਣੇ ਆਏ
ਲੁਧਿਆਣਾ 'ਚ ਅੱਜ ਹੋਇਆ ਕੋਰੋਨਾ ਦਾ ਜ਼ਬਰਦਸਤ ਧਮਾਕਾ, 39 ਮਾਮਲੇ ਸਾਹਮਣੇ ਆਏ
ਲੁਧਿਆਣਾ, 15 ਜੂਨ (ਪਪ): ਲੁਧਿਆਣਾ ਵਿਚ ਅੱਜ ਕੋਰੋਨਾ ਦਾ ਜ਼ਬਰਦਸਤ ਧਮਾਕਾ ਹੋਇਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਸਿਆ ਕਿ ਜਾਂਚ ਦੌਰਾਨ ਲੁਧਿਆਣਾ ਵਿਚ ਅੱਜ 39 ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਅੱਗੇ ਦਸਿਆ ਕਿ ਇਸ ਤੋਂ ਪਹਿਲਾਂ ਲੁਧਿਆਣਾ ਵਿਚ ਅੱਜ ਸਵੇਰੇ ਇਕ ਮਰੀਜ਼ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਹੈ।
ਅਜਨਾਲਾ ਵਿਚ ਬੀ.ਐਸ.ਐਫ਼ ਦੇ 16 ਜਵਾਨਾਂ ਸਮੇਤ 22 ਲੋਕਾਂ ਦੀ ਰੀਪੋਰਟ ਪਾਜ਼ੇਟਿਵ
ਅਜਨਾਲਾ, 15 ਜੂਨ (ਪਪ) : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਨਵੇਂ ਮਾਮਲੇ ਅਜਨਾਲਾ ਤੋਂ ਸਾਹਮਣੇ ਆਏ ਹਨ, ਜਿਥੇ ਬੀ.ਐਸ.ਐਫ਼. ਦੇ 16 ਜਵਾਨਾਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਨੂੰ ਲੈ ਕੇ ਸਿਹਤ ਵਿਭਾਗ ਵਿਚ ਤੜਥੱਲੀ ਮਚ ਗਈ ਹੈ। ਜਾਣਕਾਰੀ ਮੁਤਾਬਕ ਬੀ.ਐਸ.ਐਫ਼. ਵਲੋਂ ਇਨ੍ਹਾਂ ਜਵਾਨਾਂ ਨੂੰ ਜਲੰਧਰ ਦੇ ਸੈਂਟਰ ਵਿਚ ਦਾਖ਼ਲ ਕੀਤਾ ਗਿਆ ਹੈ। ਸਿਹਤ ਵਿਭਾਗ ਮੁਤਾਬਕ ਇਹ ਜਵਾਨ ਜਿਸ ਵੀ ਜ਼ਿਲ੍ਹੇ ਨਾਲ ਸਬੰਧਤ ਹੋਣਗੇ ਉਸ ਜ਼ਿਲ੍ਹੇ ਵਿਚ ਉਨ੍ਹਾਂ ਦੇ ਕੇਸ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ 6 ਹੋਰ ਵਿਅਕਤੀਆਂ ਦੀ ਰੀਪੋਰਟ ਅੱਜ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਇਕ ਹੋਰ ਵਿਅਕਤੀ ਨੇ ਤੋੜਿਆ ਦਮ
ਅੰਮ੍ਰਿਤਸਰ, 15 ਜੂਨ (ਪਪ) : ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਲਗਾਤਾਰ ਅਪਣੇ ਪੈਰ ਪਸਾਰਦਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਐਤਵਾਰ ਦੇਰ ਰਾਤ ਨੂੰ ਇਕ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਫੈਜਪੁਰਾ ਵਾਸੀ ਜੋਗਿੰਦਰ ਸਿੰਘ (85) ਦੀ ਮੌਤ ਹੋ ਗਈ। ਮਰੀਜ਼ ਨੂੰ ਦੋ ਦਿਨ ਪਹਿਲਾਂ ਹੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਤਰਨਤਾਰਨ ਪੁਲਿਸ ਦੇ ਇਕ ਸਬ ਇੰਸਪੈਕਟਰ ਨੂੰ ਵੀ ਹੋਇਆ ਕੋਰੋਨਾ ਵਾਇਰਸ
ਤਰਨਤਾਰਨ, 15 ਜੂਨ (ਪਪ): ਜ਼ਿਲ੍ਹੇ ਅੰਦਰ ਅੱਜ ਇਕ ਹੋਰ ਨਵੇਂ ਕੋਰੋਨਾ ਪੀੜਤ ਦੀ ਪੁਸ਼ਟੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੋਰੋਨਾ ਪੀੜਤ 50 ਸਾਲਾ ਪੰਜਾਬ ਪੁਲਿਸ ਦਾ ਇਕ ਸਬ ਇੰਸਪੈਕਟਰ ਦਸਿਆ ਜਾ ਰਿਹਾ ਹੈ ਜਿਸ ਦੀ ਜ਼ਿਲ੍ਹਾ ਤਰਨਤਾਰਨ ਅਧੀਨ ਡਿਊਟੀ ਲੱਗੀ ਹੋਈ ਸੀ ਅਤੇ ਉਹ ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਘੱਲੂਘਾਰਾ ਦਿਵਸ ਮੌਕੇ ਡਿਊਟੀ 'ਤੇ ਤੈਨਾਤ ਸੀ। ਜ਼ਿਲ੍ਹੇ ਦੇ ਪਿੰਡ ਰਟੌਲ ਦਾ ਰਹਿਣ ਵਾਲਾ ਸਬ ਇੰਸਪੈਕਟਰ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰ ਲਿਆ ਗਿਆ ਹੈ।
ਜਲੰਧਰ ਵਿਚ 8 ਹੋਰ ਨਵੇਂ ਮਾਮਲੇ ਆਏ ਸਾਹਮਣੇ
ਜਲੰਧਰ, 15 ਜੂਨ (ਲੱਕੀ/ਸ਼ਰਮਾ): ਜਲੰਧਰ ਵਿਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਕਹਿਰ ਵਰਾਅ ਰਿਹਾ ਹੈ। ਅੱਜ ਫਿਰ ਤੋਂ ਜਲੰਧਰ ਵਿਚ ਕੋਰੋਨਾ ਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਦੋ ਦੂਜਿਆਂ ਜ਼ਿਲ੍ਹਿਆਂ ਨਾਲ ਸਬੰਧਤ ਦਸੇ ਜਾ ਰਹੇ ਹਨ। ਇਨ੍ਹਾਂ ਪਾਜ਼ੇਟਿਵ ਕੇਸਾਂ ਵਿਚ 4 ਪੁਲਿਸ ਕਾਮੇ ਵੀ ਸ਼ਾਮਲ ਹਨ। ਇਸ ਨਾਲ ਹੀ ਹੁਣ ਤਕ ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 348 ਤਕ ਪਹੁੰਚ ਗਈ ਹੈ।
ਪਟਿਆਲਾ 'ਚ 9 ਮਾਮਲੇ ਸਾਹਮਣੇ ਆਏ
ਪਟਿਆਲਾ, 15 ਜੂਨ (ਫ਼ਤਿਹਪੁਰੀ): 9 ਹੋਰ ਵਿਅਕਤੀਆਂ ਦੀ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਉਪਰੰਤ ਪਟਿਆਲਾ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 171 ਤਕ ਪਹੁੰਚ ਗਈ ਹੈ। ਪਾਜ਼ੇਟਿਵ ਵਿਅਕਤੀਆਂ ਵਿਚੋਂ 4 ਸਮਾਣਾ, ਚਾਰ ਪਟਿਆਲਾ ਅਤੇ ਇਕ ਨਾਭਾ ਦਾ ਰਹਿਣ ਵਾਲਾ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ ।
ਪਿੰਡ ਮਨਸੂਰਾਂ ਵਿਖੇ ਸਾਬਕਾ ਫ਼ੌਜੀ ਦੀ ਕੋਰੋਨਾ ਨਾਲ ਮੌਤ
ਜੋਧਾ, 15 ਜੂਨ (ਪਪ): ਲਾਗਲੇ ਪਿੰਡ ਮਨਸੂਰਾਂ ਵਿਖੇ 68 ਸਾਲਾ ਸਾਬਕਾ ਫ਼ੌਜੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਲਾਕੇ ਵਿਚ ਕੋਰੋਨਾ ਨਾਲ ਹੋਈ ਪਹਿਲੀ ਮੌਤ ਕਾਰਨ ਸਹਿਮ ਦਾ ਮਾਹੌਲ ਬਣ ਗਿਆ। ਸਰਪੰਚ ਓਮ ਪ੍ਰਕਾਸ਼ ਮਨਸੂਰਾਂ ਨੇ ਪੁਸ਼ਟੀ ਕਰਦਿਆਂ ਦਸਿਆ ਕਿ ਬੀਤੇ ਦਿਨ ਸਾਬਕਾ ਫ਼ੌਜੀ ਹਰਦੀਪ ਸਿੰਘ (68) ਨੂੰ ਸਾਹ ਲੈਣ ਵਿਚ ਤਕਲੀਫ਼ ਹੋਈ ਸੀ ਜਿਸ ਨੂੰ ਇਲਾਜ ਲਈ ਡੀ.ਐਮ.ਸੀ ਹਸਪਤਾਲ ਲਿਜਾਇਆ ਗਿਆ ਜਿਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਮ੍ਰਿਤਕ ਦਿਲ ਦੀ ਬੀਮਾਰੀ ਤੋਂ ਪੀੜਤ ਸੀ।
ਨਵਾਂਸ਼ਹਿਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 18 ਹੋਈ
ਨਵਾਂਸ਼ਹਿਰ, 15 ਜੂਨ (ਅਮਰੀਕ ਸਿੰਘ): ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਦਾ ਅੰਕੜਾ ਘਟਣ ਦਾ ਨਾਂਅ ਨਹੀਂ ਲੈ ਰਿਹਾ। ਜ਼ਿਲ੍ਹੇ ਦੇ 17 ਕੋਰੋਨਾ ਪੀੜਤਾਂ ਵਿਚੋਂ ਅੱਜ ਸਵੇਰੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋਂ ਕੋਰੋਨਾ ਤੋਂ ਜਿੱਤ ਪ੍ਰਾਪਤ ਕਰਨ ਵਾਲੇ 3 ਯੋਧਿਆਂ ਨੂੰ ਘਰ ਭੇਜਿਆ ਹੀ ਸੀ ਕਿ ਬਾਅਦ ਦੁਪਹਿਰ ਚਾਰ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਕਾਰਨ ਜ਼ਿਲ੍ਹੇ ਵਿਚ ਮੁੜ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 18 ਹੋ ਗਈ ਹੈ।
ਦਸੂਹਾ ਵਿਚ ਏ.ਐਸ.ਆਈ. ਦੀ ਰੀਪੋਰਟ ਆਈ ਕੋਰੋਨਾ ਪਾਜ਼ੇਟਿਵ
ਦਸੂਹਾ, 15 ਜੂਨ (ਪਪ): ਹੁਸ਼ਿਆਰਪੁਰ ਵਿਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਦਸੂਹਾ ਦੇ ਪਿੰਡ ਵੱਡਾ ਟੇਰਕਿਆਣਾ ਵਿਚੋਂ ਏ.ਐਸ.ਆਈ. ਦੀ ਰੀਪੋਰਟ ਪਾਜ਼ੇਟਿਵ ਪਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬਲਾਕ ਦਸੂਹਾ ਦੇ ਪਿੰਡ ਵੱਡਾ ਟੇਰਕਿਆਣਾ ਦੇ ਦਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਜੋ ਜਲੰਧਰ ਵਿਖੇ ਪੁਲਿਸ ਵਿਚ ਏ.ਐਸ.ਆਈ. ਤੈਨਾਤ ਹੈ, ਟੈਸਟਿੰਗ ਦੌਰਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ।
ਕਪੂਰਥਲਾ ਵਿਚ ਤਿੰਨ ਨਵੇਂ ਮਾਮਲੇ ਆਏ ਸਾਹਮਣੇ
ਕਪੂਰਥਲਾ, 15 ਜੂਨ (ਪਪ): ਕਪੂਰਥਲਾ ਵਾਸੀਆਂ ਨੇ ਕੁੱਝ ਦਿਨ ਪਹਿਲਾਂ ਜ਼ਿਲ੍ਹੇ ਵਿਚ ਜ਼ੀਰੋ ਕੋਰੋਨਾ ਪਾਜ਼ੇਟਿਵ ਕੇਸ ਕਾਰਨ ਰਾਹਤ ਦਾ ਸਾਹ ਲਿਆ ਸੀ। ਹੁਣ ਫਿਰ ਤੋਂ ਕੋਰੋਨਾ ਮਹਾਂਮਾਰੀ ਨੇ ਇਸ ਨੂੰ ਅਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ। ਐਤਵਾਰ ਨੂੰ ਜ਼ਿਲ੍ਹਾ ਕਪੂਰਥਲਾ ਵਿਚ ਤਿੰਨ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਕਪੂਰਥਲਾ ਦੇ ਮੁਹੱਲਾ ਨਰੋਤਮ ਵਿਹਾਰ ਵਿਚ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਨਾਲ ਲੱਗਦੇ ਇਲਾਕਾ ਨਿਵਾਸੀ ਡਰੇ ਤੇ ਸਹਿਮੇ ਹੋਏ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਇਕ ਕੋਰੋਨਾ ਪਾਜ਼ੇਟਿਵ ਇਸੇ ਏਰੀਆ ਦਾ ਹੀ ਸੀ।