ਜੇ ਮੈਂ ਆਈ.ਏ.ਐਸ. ਨਾ ਹੁੰਦਾ ਤਾਂ ਇਕ ਅਧਿਆਪਕ ਹੁੰਦਾ : ਡਿਪਟੀ ਕਮਿਸ਼ਨਰ
ਫ਼ਿਰੋਜ਼ਪੁਰ, 16 ਜੂਨ (ਜਗਵੰਤ ਸਿੰਘ ਮੱਲ੍ਹੀ, ਸੁਭਾਸ਼ ਕੱਕੜ) : ਅਧਿਆਪਕ ਉਹ ਹੁੰਦਾ ਹੈ ਜੋ ਬਿਨਾਂ ਕਿਸੇ ਲਾਲਚ ਦੇ ਅਪਣਾ ਕੰਮ ਪੂਰੀ ਤਨਦੇਹੀ ਨਾਲ ਕਰਦਾ ਹੈ ਅਤੇ ਉਸ ਦੀਵੇ ਵਾਂਗ ਹੁੰਦਾ ਹੈ ਜਿਹੜਾ ਕਈ ਦੀਵਿਆਂ ਨੂੰ ਰੌਸ਼ਨ ਕਰਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਅਧਿਆਪਕਾ ਦੇ ਸਨਮਾਨ ਲਈ ਰੱਖੇ ਸਮਾਗਮ ਮੌਕੇ ਕੀਤਾ। ਅਪਣੀਆਂ ਭਾਵਨਾਵਾਂ ਨੂੰ ਪੇਸ਼ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ,''ਜੇ ਮੈਂ ਇਕ ਆਈ ਏ ਐਸ ਅਫ਼ਸਰ ਨਾ ਹੁੰਦਾ ਤਾਂ ਇਕ ਅਧਿਆਪਕ ਹੁੰਦਾ ਕਿਉਂਕਿ ਅਧਿਆਪਕ ਬੱਚਿਆਂ ਦੇ ਜੀਵਨ ਨੂੰ ਰੌਸ਼ਨ ਕਰਨ ਵਿਚ ਅਪਣਾ ਅਹਿਮ ਰੋਲ ਅਦਾ ਕਰਦੇ ਹਨ।''
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਿਖਿਆ ਵਿਭਾਗ ਪੰਜਾਬ ਅਪਣੀਆਂ ਕੋਸ਼ਿਸ਼ਾਂ ਸਦਕਾ ਹਰ ਵਿਦਿਆਰਥੀ ਤਕ ਵਿਦਿਆ ਪਹੁੰਚਾਉਣ ਲਈ ਉਪਰਾਲੇ ਕਰ ਰਿਹਾ ਹੈ ਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ, ਰੈੱਡ ਕਰਾਸ ਫ਼ਿਰੋਜ਼ਪੁਰ ਅਤੇ ਸਿਖਿਆ ਵਿਭਾਗ ਫ਼ਿਰੋਜ਼ਪੁਰ ਵਲੋਂ ਨਵੀਂ ਉਡਾਣ ਪ੍ਰਾਜੈਕਟ ਸ਼ੁਰੂ ਕੀਤਾ ਗਿਆ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਦੀਪਕ ਸ਼ਰਮਾ, ਹਰਿੰਦਰ ਭੁੱਲਰ ਅਤੇ ਦਵਿੰਦਰ ਨਾਥ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਅਪਣੇ ਕੰਮ ਨੂੰ ਬਾਖ਼ੂਬੀ ਨਿਭਾਉਣ ਹੋਏ ਇਸ ਟੀਮ ਵਲੋਂ ਇਕ ਯੂ-ਟਿਊਬ ਚੈਨਲ ਚਾਨਣ ਮੁਨਾਰੇ ਰਾਹੀਂ ਵੱਖ-ਵੱਖ ਵਿਸ਼ਾ ਮਾਹਰ ਅਧਿਆਪਕਾ ਦੇ ਲੈਕਚਰ ਰੀਕਾਰਡ ਕਰ ਕੇ ਸਰਕਾਰੀ ਸਕੂਲਾਂ ਦੇ ਸਾਰੇ ਪਿੰਡਾਂ ਵਿਚ ਰਹਿੰਦੇ ਬੱਚਿਆਂ ਤਕ ਪਹੁੰਚਾਏ ਗਏ। ਖ਼ਾਸ ਗੱਲ ਇਹ ਰਹੀ ਕਿ ਇਹ ਲੈਕਚਰ ਹਰ ਕਲਾਸ ਲਈ ਲਾਹੇਵੰਦ ਸਾਬਤ ਹੋਣਗੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵਲੋਂ ਸਤਿੰਦਰ ਸਿੰਘ, ਦੀਪਕ ਸ਼ਰਮਾ, ਹਰਿੰਦਰ ਭੁੱਲਰ, ਦਵਿੰਦਰ ਨਾਥ, ਉਮੇਸ਼ ਕੁਮਾਰ, ਰਵੀ ਗੁਪਤਾ, ਅਦਰਸ਼ਪਾਲ ਸਿੰਘ ਆਦਿ ਵਿਸ਼ਾ ਮਹਿਰਾ ਨੂੰ ਸਰਟੀਫ਼ੀਕੇਟ ਦੇ ਕੇ ਸਨਮਾਨਤ ਕੀਤਾ ਅਤੇ ਖ਼ੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਦੇ ਫ਼ਿਰੋਜ਼ਪੁਰ ਵਿਖੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਦੇ ਭਵਿੱਖ ਲਈ ਜੋ ਉਪਰਾਲਾ ਕੀਤਾ ਉਹ ਸ਼ਲਾਘਾਯੋਗ ਰਿਹਾ।