
ਗੁਰਦਵਾਰਾ ਸਾਹਿਬ ’ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਕਰਤੂਤ ਨੇ ਕੀਤਾ ਸ਼ਰਮਸਾਰ
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਗ਼ੈਰ ਔਰਤਾਂ ਨਾਲ ਕਰਦੇ ਸਨ ਕੁਕਰਮ
ਕੋਟਕਪੂਰਾ, 15 ਜੂਨ (ਗੁਰਿੰਦਰ ਸਿੰਘ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਧੀਨਗੀ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦਵਾਰਾ ਗੰਗਸਰ ਜੈਤੋ ਵਿਚ ਕਲਰਕ ਅਤੇ ਸੇਵਾਦਾਰਾਂ ਵਲੋਂ ਗ਼ੈਰ ਔਰਤਾਂ ਨਾਲ ਕੁਕਰਮ ਕਰਨ, ਸ਼ਰਾਬ ਅਤੇ ਮੀਟ ਦੀ ਵਰਤੋਂ ਦਾ ਪਤਾ ਲੱਗਦਿਆਂ ਹੀ ਸੰਗਤ ਭੜਕ ਪਈ ਅਤੇ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਸਮੇਤ ਸ਼੍ਰੋਮਣੀ ਕਮੇਟੀ ਦੀ ਅੰਮ੍ਰਿਤਸਰ ਤੋਂ ਆਈ ਫ਼ਲਾਇੰਗ ਸਕੁਐਡ ਦੀ ਟੀਮ ਨੂੰ ਮੌਕਾ ਸੰਭਾਲਣਾ ਔਖਾ ਹੋ ਗਿਆ, ਕਿਉਂਕਿ ਪੁਲਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਸਬੰਧਤ ਤਿੰਨ ਮੁਲਾਜ਼ਮਾਂ ਵਿਰੁਧ ਪਰਚਾ ਦਰਜ ਕਰਨ ਅਤੇ ਸ਼੍ਰੋਮਣੀ ਕਮੇਟੀ ਦੀ ਟੀਮ ਵਲੋਂ ਉਨ੍ਹਾਂ ਨੂੰ ਮੁਅੱਤਲ ਕਰਨ ਵਾਲੀ ਸ਼ਰਤ ’ਤੇ ਸੰਗਤਾਂ ਸਹਿਮਤ ਨਹੀਂ ਸਨ।
ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸੰਗਤਾਂ ਦੀ ਹਾਜ਼ਰੀ ਵਿਚ ਗੁਰਦਵਾਰਾ ਸਾਹਿਬ ਦੇ ਸੇਵਾਦਾਰ ਬਲਰਾਜ ਸਿੰਘ ਨੇ ਦਸਿਆ ਕਿ ਬੀਤੀ 7 ਜੂਨ ਨੂੰ ਗੁਰਦਵਾਰਾ ਸਾਹਿਬ ਦੇ ਕਲਰਕ ਸੁਖਮੰਦਰ ਸਿੰਘ, ਸੇਵਾਦਾਰ ਗੁਰਬਾਜ ਸਿੰਘ ਅਤੇ ਸੇਵਾਦਾਰ ਲਖਵੀਰ ਸਿੰਘ ਗ਼ੈਰ ਔਰਤਾਂ ਲੈ ਕੇ ਆਏ ਤਾਂ ਉਸ ਨੇ ਗੁਰਦਵਾਰਾ ਸਾਹਿਬ ਦੇ ਬਾਕੀ ਸੇਵਾਦਾਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਸਾਰਾ ਮਾਮਲਾ ਮੈਨੇਜਰ ਕੁਲਵਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ। ਮੈਨੇਜਰ ਨੇ ਬਾਹਰੋਂ ਜਿੰਦਰੇ ਮਾਰਨ ਦਾ ਕਹਿ ਕੇ ਆਖਿਆ ਕਿ ਉਹ ਅੱਜ ਬਾਹਰ ਹੈ। ਸ਼ਿਕਾਇਤਕਰਤਾ ਮੁਤਾਬਕ ਗੁਰਦਵਾਰਾ ਗੰਗਸਰ ਸਾਹਬ ਦੇ ਕਲਗੀਧਰ ਨਿਵਾਸ ਵਿਚ ਉਕਤ ਕਲਰਕ ਅਤੇ ਸੇਵਾਦਾਰ ਅਕਸਰ ਗ਼ੈਰ ਔਰਤਾਂ ਲਿਆ ਕੇ ਬਦਫੈਲੀਆਂ ਵਾਲੀਆਂ ਕਰਤੂਤਾਂ ਕਰਦੇ ਹਨ। ਉਕਤ ਮੁਲਜ਼ਮ ਤਾਂ ਗ਼ੈਰ ਔਰਤਾਂ ਸਮੇਤ ਉਥੋਂ ਫ਼ਰਾਰ ਹੋ ਗਏ ਪਰ ਸੰਗਤਾਂ ਨੇ ਜਦੋਂ ਪੁਲਿਸ ਦੀ ਹਾਜ਼ਰੀ ਵਿਚ ਕਲਗੀਧਰ ਨਿਵਾਸ ਸਥਾਨ ਦੇ ਨਾਲ ਲਗਦੇ ਇਤਿਹਾਸਕ ਖੂਹ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਭਾਰੀ ਗਿਣਤੀ ਵਿਚ ਵਰਤੇ ਅਤੇ ਅਣਵਰਤੇ ਕੰਡੋਮ, ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ, ਮੀਟ ਦੇ ਲਿਫ਼ਾਫ਼ੇ ਅਤੇ ਮੁਰਗੇ ਦੀਆਂ ਹੱਡੀਆਂ ਬਰਾਮਦ ਹੋਈਆਂ। ਸੰਗਤ ਨੂੰ ਸ਼ਾਂਤ ਕਰਨ ਲਈ ਇੰਸ. ਰਜੇਸ਼ ਕੁਮਾਰ ਥਾਣਾ ਮੁਖੀ ਦੀ ਅਗਵਾਈ ਵਾਲੀ ਟੀਮ ਜਦੋਂ ਕਾਮਯਾਬ ਨਾ ਹੋਈ ਤਾਂ ਮੌਕੇ ’ਤੇ ਕੁਲਦੀਪ ਸਿੰਘ ਸੋਹੀ ਐਸ.ਪੀ. ਫ਼ਰੀਦਕੋਟ ਦੀ ਅਗਵਾਈ ਵਾਲੀ ਪੁਲਿਸ ਨੇ ਗੱਲਬਾਤ ਸ਼ੁਰੂ ਕੀਤੀ।
ਅੰਮ੍ਰਿਤਸਰ ਤੋਂ ਪੁੱਜੇ ਫ਼ਲਾਇੰਗ ਸਕੁਐਡ ਦੇ ਚੀਫ਼ ਅਫ਼ਸਰ ਸਤਨਾਮ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਤਿੰਨ ਮੈਂਬਰਾਂ ਨੂੰ ਵੀ ਸੰਗਤ ਨੇ ਕਮਰੇ ਵਿਚ ਬੰਦ ਕਰ ਕੇ ਬਾਹਰੋਂ ਜਿੰਦਰਾ ਮਾਰ ਲਿਆ। ਖ਼ਬਰ ਲਿਖੇ ਜਾਣ ਅਰਥਾਤ ਸ਼ਾਮ 8:00 ਵਜੇ ਤਕ ਸੰਗਤਾਂ ਗੁਰਦਵਾਰਾ ਸਾਹਿਬ ਦੇ ਅੰਦਰ ਧਰਨੇ ’ਤੇ ਬੈਠੀਆਂ ਸਨ, ਉਨ੍ਹਾਂ ਦੀ ਮੰਗ ਸੀ ਕਿ ਦੋਸ਼ੀ ਵਿਅਕਤੀਆਂ ਨੂੰ ਨੌਕਰੀ ਤੋਂ ਮੁਅੱਤਲ ਕਰ ਕੇ ਉਨ੍ਹਾਂ ਵਿਰੁਧ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਤੁਰਤ ਗਿ੍ਰਫ਼ਤਾਰੀ ਪਾਈ ਜਾਵੇ ਅਤੇ ਇਸ ਸ਼ਰਮਨਾਕ ਕਾਰੇ ਨਾਲ ਜੁੜਦੀਆਂ ਹੋਰ ਤੰਦਾਂ ਦਾ ਵੀ ਪ੍ਰਗਟਾਵਾ ਕੀਤਾ ਜਾਵੇ। ਪੁਲਿਸ ਵਲੋਂ ਸੰਗਤਾਂ ਨੂੰ ਸ਼ਾਂਤ ਕਰਨ ਦੇ ਯਤਨ ਜਾਰੀ ਸਨ।