
ਢਾਡੀ ਸਭਾ ਵਲੋਂ 18 ਜੂਨ ਨੂੰ ਕਾਲੇ ਚੋਲੇ ਪਾ ਕੇ ਅਕਾਲ ਤਖ਼ਤ ਦੇ ਬਾਹਰ ਕੀਤੀ ਜਾਵੇਗੀ ਅਰਦਾਸ
ਅੰਮ੍ਰਿਤਸਰ, 15 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਬੋਲਣ ਵਾਲੇ ਢਾਡੀ ਜਥਿਆਂ ਨੇ ਅਪਣੀਆਂ ਮੰਗਾਂ ਲਈ ਪਹਿਲਾਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਰਦਾਰ ਅਜੈਬ ਸਿੰਘ ਅਭਿਆਸੀ ਅਤੇ ਸਰਦਾਰ ਸੁਖਵਰਸ ਸਿੰਘ ਪੰਨੂੰ ਦੇ ਘਰ ਅੱਗੇ ਜਾਪ ਕੀਤਾ ਸੀ। ਹੁਣ ਢਾਡੀ ਸਿੰਘਾਂ ਨੇ ਇਕ ਸਖ਼ਤ ਕਦਮ ਪੁੱਟਦਿਆਂ ਹੋਇਆਂ 18 ਜੂਨ ਨੂੰ ਕਾਲੇ ਚੋਲੇ ਪਾ ਕੇ ਗੁਰਦਵਾਰਾ ਸਾਰਾਗੜ੍ਹੀ ਤੋਂ ਚਲ ਕੇ ਦਰਬਾਰ ਸਾਹਿਬ ਦੇ ਗਲਿਆਰੇ ਦੀ ਪ੍ਰਕਰਮਾ ਕਰ ਕੇ ਅਕਾਲ ਤਖ਼ਤ ਸਾਹਿਬ ਦੇ ਬਾਹਰ ਅਰਦਾਸ ਕੀਤੀ ਜਾਵੇਗੀ ਅਤੇ 21 ਜੂਨ ਨੂੰ ਇਕ ਦਿਨ ਦੀ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ।
ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਐਮ ਏ ਅਤੇ ਗਿਆਨੀ ਗੁਰਮੇਜ ਸਿੰਘ ਸਹੂਰਾ ਨੇ ਦਸਿਆ ਕਿ ਢਾਡੀ ਸਭਾ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਸੰਘਰਸ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਸਾਡਾ ਵਿਰੋਧ ਕਰਨ ਵਾਲੀ ਢਾਡੀ ਸਭਾ ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ ਨੇ ਸਭਾ ਕਮਜ਼ੋਰ ਕਰਨ ਵਾਸਤੇ ਬਣਾਈ ਹੈ। ਸ. ਬਲਦੇਵ ਸਿੰਘ ਨੇ ਦਸਿਆ ਕਿ ਜਦੋਂ ਸਾਡੀ ਢਾਡੀ ਸਭਾ ਬਣੀ ਸੀ ਉਸ ਦਾ ਪਹਿਲਾ ਨਿਯਮ ਇਹ ਸੀ ਕਿ ਕੋਈ ਵੀ ਦਾੜਾ ਰੰਗਣ ਵਾਲਾ ਢਾਡੀ ਸਿੰਘ ਇਸ ਦਾ ਮੈਂਬਰ ਨਹੀਂ ਬਣ ਸਕਦਾ। ਜਥੇਦਾਰ ਅਭਿਆਸੀ ਨੇ ਕਿਹਾ ਹੈ ਕਿ ਇਕ ਸਭਾ ਉਨ੍ਹਾਂ ਦੇ 22 ਕਾਨੂੰਨ ਮੰਨਣ ਲਈ ਤਿਆਰ ਹੈ। ਇਸ ਦੇ ਜੁਆਬ ਵਿਚ ਬਲਦੇਵ ਸਿੰਘ ਅਤੇ ਗੁਰਮੇਜ ਸਿੰਘ ਸਹੂਰਾ ਨੇ ਕਿਹਾ ਕੁਲ 31 ਜਥੇ ਹਨ, ਜਥੇਦਾਰ ਅਜੈਬ ਸਿੰਘ ਨੂੰ ਸ਼ੱਕ ਕੱਢ ਲੈਣਾ ਚਾਹੀਦਾ ਹੈ ਕਿੰਨੇ ਜਥੇ ਉਨ੍ਹਾਂ ਦੇ ਕਾਨੂੰਨ ਮੰਨਦੇ ਹਨ ਤੇ ਕਿੰਨੇ ਜਥੇ ਉਨ੍ਹਾਂ ਦੇ ਵਿਰੋਧ ਵਿਚ ਹਨ। ਜੇਕਰ ਤੁਸੀਂ ਬਹੁਮਤ ਸਾਬਤ ਕਰ ਦਿੰਦੇ ਹੋ ਤਾਂ ਅਸੀਂ ਅਪਣਾ ਸੰਘਰਸ਼ ਉਸੇ ੍ਰਸਮੇਂ ਵਾਪਸ ਲੈ ਲਵਾਂਗੇ ਪਰ ਬਹੁਮਤ ਸਾਬਤ ਨਾ ਕਰ ਸਕੇ ਤਾਂ ਇਹ 22 ਕਾਨੂੰਨ ਵਾਪਸ ਕਰਨੇ ਹੋਣਗੇ ਅਤੇ ਇਨ੍ਹਾਂ ਉਤੇ ਮੁੜ ਵਿਚਾਰ ਕਰਨੀ ਹੋਵੇਗੀ।
ਸਰਦਾਰ ਐਮੇ ਨੇ ਸ. ਅਭਿਆਸੀ ਦੇ ਇਸ ਦੋਸ਼ ਦਾ ਪੁਰਜ਼ੋਰ ਵਿਰੋਧ ਕੀਤਾ ਕਿ ਢਾਡੀ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਲੜਦੇ ਹਨ। ਅਭਿਆਸੀ ਜੀ ਇਕ ਸਬੂਤ ਦੇ ਦਿਉ ਜਦੋਂ ਕਿਸੇ ਢਾਡੀ ਨੇ ਅਕਾਲ ਤਖ਼ਤ ਸਾਹਿਬ ਕਿਸੇ ਨਾਲ ਗਾਲੀ ਗਲੋਚ ਕੀਤਾ ਹੋਵੇ ਜਾਂ ਕਿਸੇ ਨੂੰ ਕੁੱਟਿਆ ਮਾਰਿਆ ਹੋਵੇ। ਤੁਹਾਡੇ ਇਲਜ਼ਾਮ ਸਰਾਸਰ ਗ਼ਲਤ ਹਨ।
ਸ. ਐਮ ਏ ਨੇ ਮੁੜ ਦੁਹਰਾਇਆ ਕਿ ਜਿੰਨੀ ਦੇਰ ਤਕ ਇਹ 22 ਕਾਨੂੰਨ ਵਾਪਸ ਨਹੀਂ ਹੋ ਜਾਂਦੇ ਜਾਂ ਢਾਡੀ ਸਿੰਘਾਂ ਨਾਲ ਸਲਾਹ ਮਸ਼ਵਰਾ ਕਰ ਕੇ ਮੁੜ ਤੋਂ ਕਾਨੂੰਨ ਨਹੀਂ ਬਣਾਏ ਜਾਂਦੇ ਹਨ ਉਨਾ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ। ਅਸੀਂ ਜਾਣਦੇ ਹਾਂ ਕਿ ਸਾਡਾ ਆਉਣ ਵਾਲਾ ਸਮਾਂ ਮੁਸ਼ਕਲ ਹੋਵੇਗਾ ਪਰ ਅਕਾਲ ਪੁਰਖ ਦੀ ਮਿਹਰ ਸਦਕਾ ਅਸੀਂ ਮੁਸ਼ਕਲ ਰਸਤਾ ਪਾਰ ਕਰ ਕੇ ਕਾਮਯਾਬ ਜ਼ਰੂਰ ਹੋਵਾਂਗੇ।