
ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਵੇਲੇ ਘੁਟਾਲੇ ਦੀ ਚੱਲ ਰਹੀ ਹੈ ਜਾਂਚ
ਜਲੰਧਰ ਦੇ ਕਰਤਾਰਪੁਰ ਵਿਖੇ ਬਣੀ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਲੈ ਕੇ ਸ਼ੁੱਕਰਵਾਰ ਨੂੰ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਸੀ ਪਰ ਹਮਦਰਦ ਜਲੰਧਰ ਸਥਿਤ ਵਿਜੀਲੈਂਸ ਦਫ਼ਤਰ ਵਿਚ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਵਿਜੀਲੈਂਸ ਵਲੋਂ ਪੇਸ਼ 17 ਸਵਾਲਾਂ ਦੀ ਸੂਚੀ ਦੇ ਜਵਾਬ ਅਪਣੇ ਵਕੀਲ ਰਾਹੀਂ ਭੇਜੇ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਂਸ ਅਧਿਕਾਰੀਆਂ ਨੇ ਹਮਦਰਦ ਵਲੋਂ ਭੇਜੇ ਇਨ੍ਹਾਂ ਜਵਾਬਾਂ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ। ਕਿਹਾ ਜਾ ਰਿਹਾ ਹੈ ਕਿ ਜਵਾਬ ਤਸੱਲੀਬਖ਼ਸ਼ ਨਾ ਹੋਣ ਕਾਰਨ ਵਿਜੀਲੈਂਸ ਅਧਿਕਾਰੀਆਂ ਨੇ ਉਸ ਨੂੰ ਮੁੜ ਨੋਟਿਸ ਜਾਰੀ ਕਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਕਰਤਾਰਪੁਰ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਮਾਮਲੇ ਸਬੰਧੀ ਬਰਜਿੰਦਰ ਸਿੰਘ ਹਮਦਰਦ ਨੂੰ 10 ਜੂਨ ਨੂੰ ਨੋਟਿਸ ਭੇਜ ਕੇ 16 ਜੂਨ ਨੂੰ ਜਲੰਧਰ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਸੀ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਅਟਾਰਨੀ ਜਨਰਲ ਰਾਹੀਂ ਦਿਤੇ ਗਏ ਪ੍ਰਸ਼ਨਾਵਲੀ ਦੇ ਜਵਾਬਾਂ ਦੇ ਨਾਲ ਪੇਸ਼ ਹੋਣਾ ਹੋਵੇਗਾ।
ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਇਸ ਸਾਲ ਮਾਰਚ ਮਹੀਨੇ ਵਿਚ ਇਸ ਪ੍ਰੋਜੈਕਟ ਦੀ ਜਾਂਚ ਸ਼ੁਰੂ ਕੀਤੀ ਸੀ। ਸ਼ਿਕਾਇਤ ਹੈ ਕਿ ਇਹ ਪ੍ਰਾਜੈਕਟ ਬਣਾਉਣ ਸਮੇਂ ਫ਼ੰਡਾਂ ਦੀ ਦੁਰਵਰਤੋਂ ਹੋਈ ਹੈ। ਜਿਸ ਲਈ ਕੁਝ ਸਮਾਂ ਪਹਿਲਾਂ ਪ੍ਰਬੰਧਕੀ ਕਮੇਟੀ ਦੇ ਸਕੱਤਰ ਲਖਵਿੰਦਰ ਸਿੰਘ ਜੌਹਲ ਨੂੰ ਵੀ ਤਲਬ ਕੀਤਾ ਗਿਆ ਸੀ।
ਬਹੁ-ਕਰੋੜੀ ਲਾਗਤ ਵਾਲੇ ਇਸ ਪ੍ਰੋਜੈਕਟ ਸਬੰਧੀ ਤਫ਼ਤੀਸ਼ ਵਿਚ ਵਿਜੀਲੈਂਸ ਬਿਊਰੋ ਵਲੋਂ 2014-2016 ਵਿਚ ਇਸ ਦੀ ਉਸਾਰੀ ਦੌਰਾਨ ਕਿੰਨਾ ਪੈਸਾ ਪਾਸ ਕੀਤਾ ਗਿਆ, ਇਸ ਪੈਸੇ ਦੀ ਵਰਤੋਂ ਕਿਵੇਂ ਅਤੇ ਕਿਥੇ ਕੀਤੀ ਗਈ, ਇਸ ਸਬੰਧੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੈਸਾ ਅਲਾਟ ਅਤੇ ਵਰਤਿਆ ਗਿਆ, ਉਨ੍ਹਾਂ ਤੋਂ ਵੀ ਪੁਛਗਿਛ ਕੀਤੀ ਜਾ ਰਹੀ ਹੈ।