
ਗ੍ਰੰਥੀ ਸਿੰਘ ਦੇ ਕੇਸਾਂ ਅਤੇ ਦਸਤਾਰ ਦੀ ਬੇਅਦਬੀ ਕਰਨ ਦੇ ਇਲਜ਼ਾਮ
ਜਲੰਧਰ: ਇਥੇ ਇਕ ਗੁਰੂ ਘਰ ਵਿਖੇ ਹੈੱਡ ਗ੍ਰੰਥੀ ਨਾਲ ਗੁਰਦੁਆਰਾ ਮੈਂਬਰਾਂ ਦੀ ਹੋਈ ਝੜਪ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ। ਮਾਮਲਾ ਗੁਰਦੁਆਰਾ ਗੁਰਮੱਤ ਪ੍ਰਚਾਰ ਸਭਾ ਗੁਰੂਨਾਨਕ ਨਗਰ ਭੋਗਪੁਰ ਜਲੰਧਰ ਵਾਰਡ ਨੰਬਰ 6 ਦਾ ਦਸਿਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਹੋਈ ਇਸ ਝੜਪ ਦੌਰਾਨ ਗ੍ਰੰਥੀ ਸਿੰਘ ਦੀ ਪੱਗ ਵੀ ਲਹਿ ਗਈ।
ਇਸ ਪੂਰੇ ਮਾਮਲੇ ਦੀਆਂ ਸੀ.ਸੀ.ਟੀ.ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੁਰੂ ਘਰ ਦੇ ਅੰਦਰ ਹੀ ਸਾਰੇ ਇਕ ਦੂਜੇ ਨਾਲ ਹੱਥੋਪਾਈ ਹੋ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਨੂੰ ਬਦਲਣ ਦੇ ਚਲਦੇ ਇਹ ਵਿਵਾਦ ਹੋਇਆ ਜਿਸ ਦੌਰਾਨ ਦੋਵੇਂ ਧਿਰਾਂ ਜ਼ਖ਼ਮੀ ਹੋ ਗਈਆਂ।
ਇਹ ਵੀ ਪੜ੍ਹੋ: ਨਹਿਰੂ ਸਮਾਰਕ ਅਜਾਇਬ ਘਰ ਅਤੇ ਲਾਇਬ੍ਰੇਰੀ ਸੁਸਾਇਟੀ ਦਾ ਨਾਂ ਬਦਲਿਆ
ਇਸ ਮੌਕੇ ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਨੇ ਦੂਜੀ ਧਿਰ 'ਤੇ ਇਲਜ਼ਾਮ ਲਗਾਉਂਦਿਆਂ ਦਸਿਆ ਕਿ ਹਮਲਾ ਕਰਨ ਵਾਲਿਆਂ ਵਿਚੋਂ ਇਕ ਭਾਈ ਦਲਵੀਰ ਸਿੰਘ ਕੁੱਝ ਸਮਾਂ ਪਹਿਲਾਂ ਗੋਲਕ ਚੋਰੀ ਕਰਨ ਦੇ ਮਾਮਲੇ ਵਿਚ ਫੜੇ ਗਏ ਸਨ। ਉਦੋਂ ਤੋਂ ਹੀ ਉਹ ਖੁੰਦਕ ਰੱਖਦੇ ਸਨ। ਕੁੱਝ ਮੋਹਤਬਰ ਬੰਦਿਆਂ ਵਲੋਂ ਰਾਜ਼ੀਨਾਵਾਂ ਵੀ ਕਰਵਾਇਆ ਗਿਆ ਸੀ। ਹੈੱਡ ਗ੍ਰੰਥੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਵੀ ਨਹੀਂ ਦਿਤੀ ਗਈ ਸੀ। ਜਦੋਂ ਉਨ੍ਹਾਂ ਨੇ ਤਨਖ਼ਾਹ ਦੀ ਮੰਗ ਕੀਤੀ ਤਾਂ ਦੂਜੀ ਧਿਰ ਵਲੋਂ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਗੁੱਝੀਆਂ ਸੱਟਾਂ ਵੀ ਮਾਰੀਆਂ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉਧਰ ਇਸ ਝੜਪ ਦੌਰਾਨ ਜ਼ਖ਼ਮੀ ਹੋਏ ਇਕ ਕਮੇਟੀ ਮੈਂਬਰ ਨੇ ਦਸਿਆ ਕਿ ਅੱਜ ਜਦੋਂ ਪਿਛਲੇ ਮਹੀਨੇ ਦਾ ਹਿਸਾਬ ਮੰਗਿਆ ਗਿਆ ਸੀ ਅਤੇ ਉਹ ਮਾਈਕ 'ਤੇ ਪੂਰਾ ਵੇਰਵਾ ਸਾਂਝਾ ਕਰ ਰਹੇ ਸਨ ਤਾਂ ਗ੍ਰੰਥੀ ਸਿੰਘ ਦਰਬਾਰ ਤੋਂ ਬਾਹਰ ਜਾ ਕੇ ਗੁਰੂ ਘਰ ਦੀ ਹਦੂਦ ਅੰਦਰ ਲਲਕਾਰੇ ਮਾਰਨ ਲੱਗਾ ਅਤੇ ਮੇਰੇ ਉਪਰ ਹਮਲਾ ਕੀਤਾ। ਉਨ੍ਹਾਂ ਦਸਿਆ ਕਿ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਹਨ। ਦੂਜੀ ਧਿਰ ਨੇ ਮੰਗ ਕੀਤੀ ਹੈ ਕਿ ਗ੍ਰੰਥੀ ਸਿੰਘ ਉਨ੍ਹਾਂ ਨੂੰ ਧਮਕੀਆਂ ਦਿੰਦਾ ਹੈ ਅਤੇ ਉਸ ਦਾ ਦਾ ਵਤੀਰਾ ਉਨ੍ਹਾਂ ਨਾਲ ਚੰਗਾ ਨਹੀਂ ਹੈ। ਉਸ ਦੇ ਨਾਲ ਕੁੱਝ ਹੋਰ ਮੈਂਬਰ ਵੀ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਅਸੀਂ ਗ੍ਰੰਥੀ ਸਿੰਘ ਨੂੰ ਬਦਲਣਾ ਚਾਹੁੰਦੇ ਹਾਂ।