
ਚੰਨੀ ਵੱਲੋਂ ਮੌਕੇ 'ਤੇ ਹੀ ਹਿਮਾਚਲ ਦੇ ਮੁੱਖ ਮੰਤਰੀ ਨਾਲ ਫੋਨ 'ਤੇ ਕੀਤੀ ਗੱਲਬਾਤ
Jalandhar News : ਜਲੰਧਰ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਸਿੱਖ ਤਾਲਮੇਲ ਕਮੇਟੀ ਦੇ ਉਪਰਾਲੇ ਸਦਕਾ ਜਲੰਧਰ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਮੰਗ ਪੱਤਰ ਦੇ ਕੇ ਹਿਮਾਚਲ ਪ੍ਰਦੇਸ਼ ਵਿੱਚ ਕੰਗਨਾ ਥੱਪੜ ਕਾਂਡ ਤੋਂ ਬਾਅਦ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉੱਥੇ ਹੋ ਰਹੇ ਸਿੱਖਾਂ 'ਤੇ ਹਮਲਿਆ ਬਾਰੇ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਇੱਕ ਐਨ.ਆਰ.ਆਈ ਜੋੜੇ ਨਾਲ 100 ਤੋਂ ਵੱਧ ਸ਼ਰਾਰਤੀ ਲੋਕਾਂ ਨੇ ਕੁੱਟਮਾਰ ਕੀਤੀ।
ਮੰਗ ਪੱਤਰ ਦੇਣ ਵਾਲਿਆਂ ਜਥੇਬੰਦੀਆਂ ਵਿੱਚ ਸਿੱਖ ਤਾਲਮੇਲ ਕਮੇਟੀ ਤੋਂ ਇਲਾਵਾ ਜੱਟ ਸਿੱਖ ਐਸੋਸੀਏਸ਼ਨ ,ਪੰਜਾਬ ਯੂਥ ਕਲੱਬ ਆਰਗਨਾਈਜੇਸ਼ਨ ,ਭਾਈ ਘਨਈਆ ਜੀ ਸੇਵਕ ਦਲ, ਗੁਰਦੁਆਰਾ ਪ੍ਰਬੰਧਕ ਕਮੇਟੀ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ, ਗੁਰਦੁਆਰਾ ਪ੍ਰਬੰਧਕ ਕਮੇਟੀ ਏਕਤਾ ਵਿਹਾਰ ,ਗੁਰਦੁਆਰਾ ਕਮੇਟੀ ਅਜੀਤ ਨਗਰ ,ਐਂਟੀ ਕੁਰੱਪਸ਼ਨ ਸੈਲ ਆਦਿ ਸ਼ਾਮਿਲ ਸਨ। ਇਸ ਮੌਕੇ ਤੇ ਜਗਜੀਤ ਸਿੰਘ ਗਾਬਾ , ਤਜਿੰਦਰ ਸਿੰਘ ਪਰਦੇਸੀ ,ਸਤਪਾਲ ਸਿੰਘ ਸਿਦਕੀ ,ਜੋਗਿੰਦਰ ਸਿੰਘ ਜੋਗੀ, ਹਰਜੋਤ ਸਿੰਘ ਲੱਕੀ, ਤਜਿੰਦਰ ਸਿੰਘ ਸੰਤ ਨਗਰ(ਮੀਡੀਆ ਇੰਚਾਰਜ), ਭੁਪਿੰਦਰ ਸਿੰਘ ਵੜਿੰਗ ਨੇ ਚੰਨੀ ਨੂੰ ਦੱਸਿਆ ਕਿ ਜਦੋਂ ਤੋਂ ਮੁਹਾਲੀ ਏਅਰਪੋਰਟ 'ਤੇ ਕੰਗਨਾ ਵਾਲਾ ਕਾਂਡ ਵਾਪਰਿਆ ਹੈ।
ਉਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖਾਂ ਨਾਲ ਜਿਆਦਤੀਆਂ ਵੱਧ ਗਈਆਂ ਹਨ ਤੇ ਇਸ ਤਰ੍ਹਾਂ ਦੀਆਂ ਜਿਆਦਤੀਆਂ ਬਰਦਾਸ਼ਤ ਕਰਨਾ ਸਿੱਖਾਂ ਦੇ ਸੁਭਾਅ ਵਿੱਚ ਨਹੀਂ। ਅਸੀਂ ਭਾਈਚਾਰਾ ਬਣਾ ਕੇ ਰੱਖਣਾ ਚਾਹੁੰਦੇ ਹਾਂ ਪਰ ਇਹ ਭਾਈਚਾਰਾ ਬਣਾ ਕੇ ਰੱਖਣ ਦਾ ਫਰਜ ਸਭ ਦਾ ਸਾਂਝਾ ਹੋਣਾ ਚਾਹੀਦਾ ਹੈ। ਸਾਰੀਆਂ ਗੱਲਾਂ ਸੁਣਨ ਉਪਰੰਤ ਚਰਨਜੀਤ ਸਿੰਘ ਚੰਨੀ ਨੇ ਤੁਰੰਤ ਮੌਕੇ 'ਤੇ ਹੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਫੋਨ ਮਿਲਾ ਕੇ ਪੰਜਾਬ ਵਿੱਚ ਹਮਲਿਆਂ ਕਰਕੇ ਵੱਧ ਰਹੀ ਬੇਚੈਨੀ ਬਾਰੇ ਦੱਸਿਆ ਅਤੇ ਐਨਆਰਆਈ ਜੋੜੇ ਦੀ ਕੁੱਟਮਾਰ ਦਾ ਸਾਰਾ ਮਾਮਲਾ ਵੀ ਦੱਸਿਆ।
ਜਿਸ 'ਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਮੱਖੂ ਨੇ ਸਾਰਾ ਮਾਮਲਾ ਬਹੁਤ ਧਿਆਨ ਨਾਲ ਸੁਣਿਆ ਅਤੇ ਚੰਨੀ ਸਾਹਿਬ ਨੂੰ ਯਕੀਨ ਦਵਾਇਆ ਕਿ ਦੋਸ਼ੀਆਂ ਨੂੰ ਬਣਦੀ ਸਜ਼ਾ ਜਰੂਰ ਦੇਵਾਂਗੇ। ਮੰਗ ਪੱਤਰ ਦੇਣ ਵਾਲਿਆਂ ਵਿੱਚ ਸੁਰਿੰਦਰ ਸਿੰਘ ਕੈਰੋ, ਗੁਰਵਿੰਦਰ ਸਿੰਘ ਨਾਗੀ ,ਗੁਰਦੀਪ ਸਿੰਘ ਕਾਲੀਆ ਕਲੋਨੀ, ਹਰਪਾਲ ਸਿੰਘ ਪਾਲੀ, ਲਖਬੀਰ ਸਿੰਘ ਲੱਕੀ, ਅਮਨਦੀਪ ਸਿੰਘ ਬੱਗਾ, ਅਰਵਿੰਦਰ ਸਿੰਘ ਬਬਲੂ ਆਦਿ ਹਾਜ਼ਰ ਸਨ।