
ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਠੇਕਾ ਸਿਸਟਮ ਤਹਿਤ ਕੰਮ ਕਰ ਰਹੇ 600 ਦੇ ਲਗਭਗ ਸਫਾਈ ਸੇਵਕਾਂ, ਸੇਵਾਦਾਰਾਂ ਅਤੇ ਸੁਰੱਖਿਆ ਮੁਲਾਜ਼ਮਾਂ...
ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਠੇਕਾ ਸਿਸਟਮ ਤਹਿਤ ਕੰਮ ਕਰ ਰਹੇ 600 ਦੇ ਲਗਭਗ ਸਫਾਈ ਸੇਵਕਾਂ, ਸੇਵਾਦਾਰਾਂ ਅਤੇ ਸੁਰੱਖਿਆ ਮੁਲਾਜ਼ਮਾਂ ਵਲੋਂ ਅਪਣੀਆਂ ਸੇਵਾਵਾਂ ਡੇਲੀ ਵੇਜਿਜ਼ 'ਤੇ ਕਰਵਾਉਣ ਲਈ 4 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਰੋਸ ਧਰਨਾ ਅਤੇ ਭੁੱਖ ਹੜਤਾਲ ਐਤਵਾਰ 11 ਦਿਨਾਂ ਬਾਅਦ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਕਰਮਚਾਰੀਆਂ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਖ਼ਤਮ ਕੀਤੀ ਗਈ।
ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬੀ ਯੂਨੀਵਰਸਟੀ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਵਲੋਂ ਇੰਨਾਂ ਕਰਮਚਾਰੀਆਂ ਦੇ ਹੱਕ ਵਿਚ ਰੱਖੀ ਗਈ 25 ਘੰਟੇ ਦੀ ਭੁੱਖ ਹੜਤਾਲ ਕੀਤੀ ਅਤੇ ਪੰਜਾਬ ਭਰ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਹਮਾਇਤ ਧਰਨਾਕਾਰੀਆਂ ਨੂੰ ਮਿਲਣੀ ਸ਼ੁਰੂ ਹੋ ਗਈ। ਸ਼ਨੀਵਾਰ 14 ਜੁਲਾਈ ਨੂੰ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਠੇਕਾ ਸਿਸਟਮ ਮੁਲਾਜਮਾ ਦੀ ਕਮੇਟੀ ਦੇ ਆਗੂਆਂ ਜਤਿੰਦਰ ਧਾਲੀਵਾਲ, ਸੰਦੀਪ ਕੁਮਾਰ, ਰਾਜੇਸ਼ ਕੁਮਾਰ,
Punjabi University
ਇਕਬਾਲ ਮੀਰ, ਅਜੈ ਅਰੋੜਾ, ਅਰਵਿੰਦਰ ਸਿੰਘ, ਅੰਗਰੇਜ ਸਿੰਘ ਆਦਿ ਦੀ ਮੀਟਿੰਗ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਅਤੇ ਪੂਰੀ ਅਥਾਰਿਟੀ ਨਾਲ ਕਰਵਾਈ ਗਈ। ਜਿਸ ਵਿਚ ਕਮੇਟੀ ਆਗੂਆਂ ਵਲੋਂ ਸਮਝੌਤੇ ਲਈ ਰੱਖੀਆਂ ਮੰਗਾਂ 'ਤੇ ਯੂਨੀਵਰਸਿਟੀ ਅਥਾਰਿਟੀ ਨੇ ਵਿਚਾਰ ਵਟਾਂਦਰਾ ਕੀਤਾ ਅਤੇ ਰਾਤ 9.30 ਵਜੇ ਤੱਕ ਚੱਲੀ ਇਸ ਮੀਟਿੰਗ ਵਿਚ ਕਰਮਚਾਰੀਆਂ ਦੀਆਂ ਜਿਆਦਾਤਰ ਮੰਗਾਂ 'ਤੇ ਸਹਿਮਤੀ ਹੋ ਗਈ ਸੀ।
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਸੀ ਕਿ ਠੇਕਾ ਕਰਮਚਾਰੀਆਂ ਦੀ ਤਨਖਾਹ ਵਿਚ ਉੱਕਾ ਪੁੱਕਾ 1 ਹਜਾਰ ਰੁਪਏ ਦਾ ਵਾਧਾ ਕੀਤਾ ਜਾਵੇਗਾ ਜੋ ਬਿਨਾਂ ਕਿਸੇ ਕਟੌਤੀ ਤੋਂ ਕਰਮਚਾਰੀਆਂ ਦੇ ਖਾਤੇ ਵਿਚ ਸਿੱਧੀ ਜਾਵੇਗੀ, 5 ਸਾਲ ਠੇਕਾ ਸਿਸਟਮ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਡੇਲੀਵੇਜਿਜ 'ਤੇ ਕਰਨ ਆਦਿ ਮੰਗਾਂ ਲਈ 1 ਮਹੀਨੇ ਦੇ ਅੰਦਰ ਅੰਦਰ ਦੁਬਾਰਾ ਸਿੰਡੀਗੇਟ ਬੁਲਾਈ ਜਾਵੇਗੀ।
ਇੰਨਾਂ ਮੰਗਾਂ 'ਤੇ ਕਰਮਚਾਰੀਆਂ ਵਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਰੋਸ ਧਰਨਾ ਐਤਵਾਰ ਖਤਮ ਕਰਨ ਦਾ ਵਿਸਵਾਸ਼ ਦਿਵਾਇਆ। ਐਤਵਾਰ ਯੂਨੀਵਰਸਿਟੀ ਅਥਾਰਿਟੀ ਵਲੋਂ ਕੀਤੀ ਗਈ ਲਿਖਤ ਵਾਲੇ ਸਮਝੌਤੇ ਨੂੰ ਕਮੇਟੀ ਆਗੂਆਂ ਨੂੰ ਦਿਖਾ ਕੇ ਪਾਸ ਕਰਵਾਇਆ ਗਿਆ ਅਤੇ ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ.ਬੱਤਰਾ, ਰਜਿਸਟਰਾਰ ਡਾ. ਐਮ.ਐਸ.ਨਿਜਰ, ਡਾ. ਯੋਗਰਾਜ ਸਿੰਘ, ਡੀਨ ਰਿਸਰਚ ਡਾ. ਜਸਪਾਲ ਕੌਰ ਨੇ ਠੇਕਾ ਮੁਲਾਜਮਾ ਦੇ ਚੱਲ ਰਹੇ ਰੋਸ ਧਰਨੇ ਵਿਚ ਸਮਝੌਤੇ ਬਾਰੇ ਦੱਸਿਆ ਅਤੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਬਹੁਤ ਗੰਭੀਰ ਹੈ
ਲਿਹਾਜਾ ਅਥਾਰਿਟੀ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇ ਅਤੇ ਕਰਮਚਾਰੀ ਵਾਪਿਸ ਆਪਣੇ ਕੰਮਾਂ 'ਤੇ ਜਾਣ। ਠੇਕਾ ਮੁਲਾਜਮਾ ਦੀ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਸਮੂਹ ਕਰਮਚਾਰੀਆਂ ਨੇ ਯੂਨੀਵਰਸਿਟੀ ਅਥਾਰਿਟੀ ਦੀ ਗੱਲ ਮੰਨੀ ਅਤੇ ਆਪਣਾ ਰੋਸ ਧਰਨਾ ਖਤਮ ਕੀਤਾ। ਇਸ ਮੌਕੇ ਠੇਕਾ ਸਿਸਟਮ ਮੁਲਾਜਮਾ ਦੀ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਵਿਚ ਜਤਿੰਦਰ ਧਾਲੀਵਾਲ, ਰਾਜੇਸ਼ ਕੁਮਾਰ, ਇਕਬਾਲ ਮੀਰ, ਅਜੈ ਅਰੋੜਾ, ਅਰਵਿੰਦਰ ਸਿੰਘ, ਅੰਗਰੇਜ ਸਿੰਘ, ਡੀ.ਐਸ.ਓ ਤੋਂ ਅਜੈਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਹਾਜਰ ਸਨ।