
ਐਤਵਾਰ ਨੂੰ ਹੀ 100 ਤੋਂ ਵੱਧ ਕਿਸਾਨਾਂ ਵਿਰੁਧ ਦਰਜ ਕੀਤਾ ਸੀ ਰਾਜਧ੍ਰੋਹ ਦਾ ਮਾਮਲਾ
ਚੰਡੀਗੜ੍ਹ, 15 ਜੁਲਾਈ : ਪ੍ਰਦਰਸ਼ਨਕਾਰੀ ਕਿਸਾਨਾਂ ਵਲੋਂ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਦੀ ਕਾਰ 'ਤੇ ਹਮਲੇ ਦੀ ਘਟਨਾ ਦੇ ਸਬੰਧ 'ਚ ਸਿਰਸਾ ਪੁਲਿਸ ਨੇ ਐਫ਼ਆਈਆਰ ਦਰਜ ਕੀਤੇ ਜਾਣ ਦੇ ਕਈ ਦਿਨਾਂ ਬਾਅਦ ਪੰਜ ਕਿਸਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ |
ਇਹ ਘਟਨਾ ਐਤਵਾਰ ਨੂੰ ਹੋਈ ਸੀ ਅਤੇ ਪੁਲਿਸ ਨੇ 100 ਤੋਂ ਵੱਧ ਕਿਸਾਨਾਂ ਵਿਰੁਧ ਮਾਮਲੇ ਦਰਜ ਕੀਤੇ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਣਪਛਾਤੇ ਹਨ | ਇਨ੍ਹਾਂ 'ਤੇ ਰਾਜਧ੍ਰੋਹ, ਸਰਕਾਰੀ ਅਧਿਕਾਰੀ ਦੇ ਕੰਮ 'ਚ ਰੁਕਾਵਟ ਪਾਉਣਾ, ਚੁਣੇ ਹੋਏ ਨੁਮਾਇੰਦੇ ਦੇ ਕਤਲ ਦੀ ਕੋਸ਼ਿਸ਼, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਰਗੇ ਦੋਸ਼ਾਂ ਤਹਿਤ ਮਾਮਲੇ ਦਰਜ ਕੀਤੇ ਗਏ | ਇਸ ਵਿਚਾਲੇ ਇਸ ਗਿ੍ਫ਼ਤਾਰੀ ਦਾ ਵਿਰੋਧ ਕਰਨ ਲਈ ਕਿਸਾਨਾਂ ਦਾ ਇਕ ਸਮੂਹ ਸਿਰਸਾ 'ਚ ਬਾਬਾ ਭੂਮਨ ਸ਼ਾਹ ਜੀ ਚੌਕ ਦੇ ਨੇੜੇ ਧਰਨੇ 'ਤੇ ਬੈਠ ਗਿਆ ਹੈ | ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਵੀਡੀਉ ਫੁਟੇਜ ਦੇ ਆਧਾਰ 'ਤੇ ਗਿ੍ਫ਼ਤਾਰੀਆਂ ਕੀਤੀਆਂ ਗਈਆਂ ਹਨ |
ਦੂਜੇ ਪਾਸੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਗੰਗਵਾ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਦੀ ਕਾਰ 'ਤੇ ਪੱਥਰ ਸੁੱਟਣ ਵਾਲਿਆਂ ਨੂੰ ਕਿਸਾਨ ਨਹੀਂ ਕਿਹਾ ਜਾ ਸਕਦਾ | ''ਉਨ੍ਹਾਂ ਨੂੰ ਕਿਸਾਨ ਨਹੀਂ ਕਿਹਾ ਜਾਣਾ ਚਾਹੀਦਾ | ਮੈਂ ਕਹਿ ਸਕਦਾ ਹਾਂ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹ ਨਸ਼ੇੜੀ ਲੱਗ ਰਹੇ ਸਨ |'' (ਏਜੰਸੀ)