
ਸੁਖਬੀਰ ਬਾਦਲ ਦੋ ਦੀ ਥਾਂ ਭਾਵੇਂ ਪੰਜ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਲਵੇ, ਪਰ ਪੰਜਾਬ ਦੇ ਲੋਕ ਇਸ ਨੂੰ ਮੁੱਖ ਮੰਤਰੀ ਨਹੀਂ ਬਣਾਉਂਦੇ: ਗਰੇਵਾਲ
ਪ੍ਰਮੋਦ ਕੌਸ਼ਲ
ਲੁਧਿਆਣਾ, 15 ਜੁਲਾਈ: ਸਿਆਸੀ ਜ਼ਮੀਨ ਖੁਸਦੀ ਦੇਖ ਕੇ ਹੱਥ ਪੈਰ ਮਾਰ ਰਹੇ ਸੁਖਬੀਰ ਬਾਦਲ ਜਿੰਨੀਆਂ ਮਰਜ਼ੀ ਗੱਪਾਂ ਮਾਰ ਲਵੇ, ਪਰ ਪੰਜਾਬ ਦੇ ਲੋਕਾਂ ਨੇ ਨਾ ਤਾਂ ਬਾਦਲਾਂ ਦੇ ਟੱਬਰ ਨੂੰ ਮੂੰਹ ਲਾਉਣਾ ਤੇ ਨਾ ਹੀ ਇਨ੍ਹਾਂ ਨੂੰ ਵੋਟਾਂ ਹੀ ਪਾਉਣੀਆਂ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਭਾਰਤ-ਤਿੱਬਤ ਸਮਨਵੈਯ ਸੰਘ ਦੇ ਅੰਤਰ-ਰਾਸ਼ਟਰੀ ਮਾਮਲਿਆਂ ਦੇ ਇੰਚਾਰਜ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀਰਵਾਰ ਨੂੰ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਇਕ ਡਿਪਟੀ ਸੀ ਐਮ ਪੰਜਾਬੀ ਹਿੰਦੂ ਭਾਈਚਾਰੇ ਵਿਚੋਂ ਅਤੇ ਦੂਜਾ ਡਿਪਟੀ ਸੀਐਮ ਦਲਿਤ ਭਾਈਚਾਰੇ ਵਿਚੋਂ ਬਣਾਏ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਗਰੇਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਹਾਲ ਵੀ ਪੰਜਾਬੀ ਦੇ ਬੜੇ ਦੀ ਮਸ਼ਹੂਰ ਫ਼ਿਕਰੇ ਵਾਲਾ ਹੈ ਜਿਸ ਵਿਚ ਮਾਂ ਅਪਣੇ ਪੁੱਤ ਨੂੰ ਕਹਿੰਦੀ ਹੈ ਕਿ ‘ਪੁੱਤ ਤੂੰ ਲੰਬੜਦਾਰ ਨਹੀਂ ਬਣਨਾ’ ਤੇ ਇਸੇ ਤਰ੍ਹਾਂ ਸੁਖਬੀਰ ਦੋ ਦੀ ਥਾਂ ਭਾਵੇਂ ਪੰਜ ਡਿਪਟੀ ਸੀ.ਐਮ ਬਣਾਉਣ ਦੀ ਗੱਲ ਕਹਿ ਲਵੇ ਪਰ ਮੁੱਖ ਮੰਤਰੀ ਇਹ ਵੀ ਨਹੀਂ ਬਣਦਾ ਕਿਉਂਕਿ ਬਰਗਾੜੀ ਵਿਚ ਜੋ ਕੁੱਝ ਬਾਦਲਕਿਆਂ ਨੇ ਕੀਤਾ ਹੈ ਉਹ ਪੰਜਾਬ ਦੇ ਲੋਕ ਕਦੇ ਨਹੀਂ ਭੁੱਲ ਸਕਦੇ।
ਗਰੇਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਤੇ ਹੁਣ ਵੱਡੀਆਂ ਵੱਡੀਆਂ ਗੱਲਾਂ ਮਾਰਨ ਵਾਲੇ ਅਕਾਲੀਆਂ ਦੇ ਨਾਲ ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਆਪ ਹੀ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਵਾਲੇ, ਆਪ ਹੀ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾਉਣ ਤੋਂ ਨਹੀਂ ਸੀ ਥੱਕਦੇ ਤੇ ਹੁਣ ਖੇਤੀ ਕਾਨੂੰਨਾਂ ਵਿਰੁਧ ਕੰਮ ਰੋਕੂ ਮਤਾ ਲਿਆਉਣ ਦੀਆਂ ਗੱਲਾਂ ਕਰ ਕੇ ਕਿਸਾਨਾਂ ਅਤੇ ਪੰਜਾਬੀਆਂ ਨੂੰ ਗੁਮਰਾਹ ਨਹੀਂ ਕਰ ਸਕਦੇ ਕਿਉਂਕਿ ਲੋਕ ਬਾਦਲਾਂ ਦੇ ਉਹ ਸਾਰੇ ਬਿਆਨ ਅਪਣੇ ਦਿਲ ਵਿਚ ਲੈ ਕੇ ਬੈਠੇ ਹਨ ਜਿਹੜੇ ਇਹ ਆਪ ਖੇਤੀ ਕਾਨੂੰਨਾਂ ਦੇ ਹੱਕ ਵਿਚ ਦਿੰਦੇ ਆਏ ਹਨ। ਗਰੇਵਾਲ ਨੇ ਕਿਹਾ ਕਿ ਬਾਦਲਾਂ ਦੇ ਟੱਬਰ ਦਾ ਹਾਲ ਤਾਂ ‘ਆਪ ਮੈਂ ਰੱਝੀ ਪੁੱਜੀ, ਆਪੇ ਮੇਰੇ ਬੱਚੇ ਜੀਣ’ ਵਾਲਾ ਹੈ ਯਾਨਿ ਇਨ੍ਹਾਂ ਨੂੰ ਕੁਰਸੀ ਕਿਵੇਂ ਮਿਲ ਸਕਦੀ ਹੈ ਇਨ੍ਹਾਂ ਦਾ ਧਿਆਨ ਬੱਸ ਸਿਰਫ਼ ਇਸੇ ਗੱਲ ਤੇ ਹੀ ਰਹਿੰਦਾ ਹੈ।