
ਕੈਪਟਨ ਦੀ ਕੋਠੀ ਘੇਰਨ ਆਏ ਭਾਜਪਾ ਐਸ.ਸੀ.ਮੋਰਚੇ ਦੇ ਕਾਰਕੁਨਾਂ 'ਤੇ ਕੀਤੀਆਂ ਪਾਣੀ ਦੀਆਂ ਬੁਛਾੜਾਂ
ਚੰਡੀਗੜ੍ਹ, 15 ਜੁਲਾਈ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਕੋਠੀ ਦੇ ਘਿਰਾਉ ਲਈ ਮਾਰਚ ਕਰ ਕੇ ਅੱਗੇ ਵਧਣ ਦਾ ਯਤਨ ਕਰ ਰਹੇ ਪੰਜਾਬ ਭਾਜਪਾ ਐਸ.ਸੀ. ਮੋਰਚੇ ਦੇ ਕਾਰਕੁੰਨਾਂ ਤੇ ਆਗੂਆਂ ਨੂੰ ਪੁਲਿਸ ਨੇ ਤਾਕਤ ਦੀ ਵਰਤੋਂ ਕਰਦਿਆਂ ਜਲ ਤੋਪਾਂ ਨਾਲ ਪਾਣੀ ਦੀਆਂ ਤੇਜ਼ ਬੁਛਾੜਾਂ ਮਾਰ ਕੇ ਖਦੇੜ ਦਿਤਾ | ਇਸ ਕਾਰਨ ਭਾਜਪਾ ਐਸ.ਸੀ. ਮੋਰਚੇ ਦੇ ਕਾਰਕੁੰਨ ਕੈਪਟਨ ਦੀ ਕੋਠੀ ਵੱਲ ਜਾਣ ਵਿਚ ਸਫ਼ਲ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਸੈਕਟਰ 25 ਦੇ ਰੈਲੀ ਸਥਾਨ ਨੇੜੇ ਹੀ ਅਪਣਾ ਪ੍ਰਦਰਸ਼ਨ ਖ਼ਤਮ ਕਰ ਕੇ ਵਾਪਸ ਜਾਣਾ ਪਿਆ | ਕੈਪਟਨ ਦੀ ਕੋਠੀ ਵਲ ਕੂਚ ਕਰਨ ਤੋਂ ਪਹਿਲਾਂ ਸੈਕਟਰ 25 ਦੇ ਧਰਨਾ ਸਥਾਨ ਤੇ ਹੋਈ ਰੈਲੀ ਨੂੰ ਐਸ.ਸੀ. ਮੋਰਚੇ ਦੇ ਆਗੂਆਂ ਤੋਂ ਇਲਾਵਾ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਸੰਬੋਧਨ ਕੀਤਾ | ਉਨ੍ਹਾਂ ਕੈਪਟਨ ਸਰਕਾਰ 'ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਹ ਸਰਕਾਰ ਚੋਣ ਵਾਅਦੇ ਪੂਰੇ ਕਰਨ ਵਿਚ ਫ਼ੇਲ ਹੋਈ ਹੈ ਤੇ ਕਾਂਗਰਸ ਦੇ ਨੇਤਾ ਲੋਕ ਮਸਲਿਆਂ ਨੂੰ ਭੁਲਾ ਕੇ ਆਪਸੀ ਲੜਾਈ ਵਿਚ ਲੱਗੇ ਹੋਏ ਹਨ | ਭਾਜਪਾ ਐਸ.ਸੀ. ਮੋਰਚੇ ਦੇ ਆਗੂਆਂ ਨੇ ਦਸਿਆ ਕਿ ਉਨ੍ਹਾਂ ਦਾ ਇਹ ਰੋਸ ਪ੍ਰਦਰਸ਼ਨ ਸੂਬੇ ਵਿਚ ਭਾਜਪਾ ਵਰਕਰਾਂ ਤੇ ਆਗੂਆਂ ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਅਤੇ ਦਲਿਤ ਵਿਦਿਆਰਥੀਆਂ ਦੇ ਪੋਸਟ ਮੈਟਿ੍ਕ ਵਜ਼ੀਫ਼ੇ ਦੇ ਮੁੱਦੇ ਨੂੰ ਲੈ ਕੇ ਸੀ |
ਫ਼ੋਟੋ: ਸੰਤੋਖ ਸਿੰਘ