
ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਪ੍ਰਮਾਣਿਕਤਾ ਲਈ ਆਧਾਰ ਜਾਂ 11 ਹੋਰ ਵਿਕਲਪਿਕ ਦਸਤਾਵੇਜ਼ ਦੇਣ ਦੀ ਵਿਵਸਥਾ
ਚੰਡੀਗੜ੍ਹ, 15 ਜੁਲਾਈ (ਭੁੱਲਰ) : ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵਲੋਂ ਇਕ ਨਵਾਂ ਫ਼ਾਰਮ-6ਬੀ, ਜੋ 1 ਅਗੱਸਤ, 2022 ਤੋਂ ਲਾਗੂ ਹੋਵੇਗਾ, ਪੇਸ਼ ਕਰ ਕੇ ਵੋਟਰਾਂ ਨੂੰ ਅਪਣੇ ਆਧਾਰ ਕਾਰਡ ਦੇ ਵੇਰਵੇ ਦੇਣ ਲਈ ਕਈ ਵਿਕਲਪ ਦਿਤੇ ਹਨ।
17 ਜੂਨ, 2022 ਦੀ ਨੋਟੀਫ਼ੀਕੇਸ਼ਨ ਅਨੁਸਾਰ, ਉਹ ਵਿਅਕਤੀ ਜਿਸ ਦਾ ਨਾਮ ਵੋਟਰ ਸੂਚੀ ਵਿਚ ਸ਼ਾਮਲ ਹੈ, ਉਹ 1 ਅਪ੍ਰੈਲ, 2023 ਜਾਂ ਇਸ ਤੋਂ ਪਹਿਲਾਂ ਅਪਣਾ ਆਧਾਰ ਨੰਬਰ ਦੇ ਸਕਦਾ ਹੈ। ਇਸ ਲਈ ਕਮਿਸ਼ਨ ਨੇ ਮੌਜੂਦਾ ਵੋਟਰਾਂ ਦੇ ਆਧਾਰ ਨੰਬਰ ਦੇ ਵੇਰਵੇ ਸਮਾਂਬੱਧ ਢੰਗ ਨਾਲ ਇਕੱਠਾ ਕਰਨਾ ਇਕ ਪ੍ਰੋਗਰਾਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਸਿਆ ਕਿ ਮੌਜੂਦਾ ਵੋਟਰਾਂ ਤੋਂ ਆਧਾਰ ਨੰਬਰ ਦੇ ਵੇਰਵੇ ਇਕੱਠਾ ਕਰਨ ਦਾ ਮਕਸਦ ਵੋਟਰ ਸੂਚੀ ਵਿਚ ਦਰਜ ਇੰਦਰਾਜਾਂ ਦੀ ਪੁਸ਼ਟੀ ਕਰਨ ਦੇ ਨਾਲ-ਨਾਲ ਇਕੋ ਵਿਅਕਤੀ ਦੁਆਰਾ ਇਕ ਤੋਂ ਵੱਧ ਹਲਕੇ ਵਿਚ ਜਾਂ ਇੱਕੋ ਹਲਕੇ ਵਿਚ ਇਕ ਤੋਂ ਵੱਧ ਵਾਰ ਅਪਣਾ ਨਾਮ ਦੇਣ ਵਾਲੇ ਵੋਟਰਾਂ ਦੀ ਪਛਾਣ ਕਰਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੋਟਰਾਂ ਦੁਆਰਾ ਆਧਾਰ ਨੰਬਰ ਦੇਣਾ ਸਵੈਇੱਛਤ ਹੈ ਅਤੇ ਜੇਕਰ ਵੋਟਰ ਕੋਲ ਆਧਾਰ ਨੰਬਰ ਨਹੀਂ ਹੈ, ਤਾਂ ਉਹ ਫ਼ਾਰਮ 6ਬੀ ਵਿਚ ਦਰਸਾਏ ਗਏ 11 ਵਿਕਲਪਿਕ ਦਸਤਾਵੇਜਾਂ ਵਿਚੋਂ ਕਿਸੇ ਵੀ ਦਸਤਾਵੇਜ ਦੀ ਇਕ ਕਾਪੀ ਜਮ੍ਹਾਂ ਕਰਵਾ ਸਕਦਾ ਹੈ।
ਜੇਕਰ ਮੌਜੂਦਾ ਵੋਟਰ ਆਧਾਰ ਵੇਰਵਿਆਂ ਨੂੰ ਪੇਸ਼ ਨਹੀਂ ਕਰ ਪਾਉਂਦਾ ਤਾਂ ਈ.ਆਰ.ਓ. ਵੋਟਰ ਸੂਚੀ ਵਿੱਚ ਕੋਈ ਵੀ ਐਂਟਰੀ ਨਹੀਂ ਹਟਾਏਗਾ ਅਤੇ ਆਧਾਰ ਜਮ੍ਹਾਂ ਨਾ ਕਰਨ ਦੀ ਸੂਰਤ ਵਿੱਚ ਕਿਸੇ ਵੀ ਨਵੇਂ ਵੋਟਰ ਨੂੰ ਐਂਟਰੀ ਕਰਨ ਤੋਂ ਇਨਕਾਰ ਨਹੀਂ ਕਰੇਗਾ।
ਆਧਾਰ ਨੰਬਰਾਂ ਦੇ ਵੇਰਵੇ ਇਕੱਤਰ ਕਰਨ ਸਬੰਧੀ 1 ਅਗਸਤ, 2022 ਨੂੰ ਸੁਰੂ ਕੀਤੇ ਜਾਣ ਵਾਲੇ ਪ੍ਰੋਗਰਾਮ ਬਾਰੇ ਹੋਰ ਵੇਰਵੇ ਦਿੰਦਿਆਂ ਸੀ.ਈ.ਓ. ਨੇ ਕਿਹਾ ਕਿ ਈ.ਆਰ.ਓਜ ਦੁਆਰਾ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਬੂਥ ਪੱਧਰ ‘ਤੇ ਵਿਸੇਸ ਕੈਂਪ ਲਗਾਏ ਜਾਣਗੇ। ਪਹਿਲਾ ਕੈਂਪ 4 ਸਤੰਬਰ, 2022 ਨੂੰ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਡੀ.ਈ.ਓਜ ਆਧਾਰ ਵੇਰਵਿਆਂ ਨੂੰ ਇਕੱਤਰ ਕਰਨ ਲਈ ਹੋਰ ਵੱਖ-ਵੱਖ ਕੈਂਪਾਂ ਦਾ ਆਯੋਜਨ ਕਰਨਗੇ।
ਆਧਾਰ ਨੰਬਰਾਂ ਦੀ ਗੁਪਤਤਾ ’ਤੇ ਡਾ. ਰਾਜੂ ਨੇ ਕਿਹਾ ਕਿ ਉਨ੍ਹਾਂ ਨੂੰ ਈਸੀਆਈ ਦੀਆਂ ਸਖ਼ਤ ਹਦਾਇਤਾਂ ਹਨ ਕਿ ਕਿਸੇ ਵੀ ਸਥਿਤੀ ਵਿਚ, ਆਧਾਰ ਨੰਬਰ ਜਨਤਕ ਨਾ ਕੀਤੇ ਜਾਵੇ ਅਤੇ ਵੋਟਰ ਦੀ ਜਾਣਕਾਰੀ ਜਨਤਕ ਕਰਨ ਤੋਂ ਪਹਿਲਾਂ ਆਧਾਰ ਦੇ ਵੇਰਵੇ ਹਟਾ ਦਿਤੇ ਜਾਣ। ਇਸੇ ਤਰ੍ਹਾਂ ਹਾਰਡ ਕਾਪੀ ਵਿਚ ਆਧਾਰ ਵੇਰਵਿਆਂ ਨੂੰ ਇਕੱਠਾ ਕਰਦੇ ਸਮੇਂ, ਆਧਾਰ ਵੇਰਵਿਆਂ ਨੂੰ ਗੁਪਤ ਰਖਿਆ ਜਾਵੇਗਾ ਅਤੇ ਈਆਰਓਐਨਈਟੀ ਵਿਚ ਸਟੋਰ ਨਹੀਂ ਕੀਤਾ ਜਾਵੇਗਾ।