
ਅਸ਼ਵਨੀ ਸੇਖੜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਿੱਲੀ ਵਿਚ ਸਥਿਤ ਰਿਹਾਇਸ਼ ਜਾ ਕੇ ਭਾਜਪਾ ਵਿਚ ਸ਼ਾਮਲ ਹੋਏ।
ਚੰਡੀਗੜ੍ਹ - ਪੰਜਾਬ ਕਾਂਗਰਸ ਵੱਲੋਂ ਅੱਜ ਇਕ ਵੱਡਾ ਚਿਹਰਾ ਬਟਾਲਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਪਰਿਵਾਰ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਵਿਚੋਂ ਪਹਿਲਾਂ ਵੀ ਕਈ ਸੀਨੀਅਰ ਆਗੂ ਕਾਂਗਰਸ ਛੱਡ ਭਾਜਪਾ ਦਾ ਪੱਲਾ ਫੜ ਚੁੱਕੇ ਹਨ ਜਿਸ ਤੋਂ ਬਾਅਦ ਕਾਂਗਰਸ ਦਿਨੋ ਦਿਨ ਘਾਟੇ ਵੱਲ ਜਾ ਰਹੀ ਹੈ।
ਅਸ਼ਵਨੀ ਸੇਖੜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਿੱਲੀ ਵਿਚ ਸਥਿਤ ਰਿਹਾਇਸ਼ ਜਾ ਕੇ ਭਾਜਪਾ ਵਿਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਖ਼ੁਦ ਇਹ ਗੱਲ ਕਹੀ ਕਿ ਦੇਸ਼ ਵਿਚ ਕਾਂਗਰਸ ਦਾ ਆਧਾਰ ਖ਼ਤਮ ਹੋ ਚੁੱਕਾ ਹੈ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਸੱਤਾ ਦੀ ਵਾਗਡੋਰ ਸੌਂਪਣੀ ਪਵੇਗੀ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀ ਵਿਵਸਥਾ 'ਤੇ ਵੀ ਅਮਿਤ ਸ਼ਾਹ ਨਾਲ ਵਿਚਾਰ-ਚਰਚਾ ਕੀਤੀ।
ਅਸ਼ਵਨੀ ਸੇਖੜੀ ਨਵਜੋਤ ਸਿੱਧੂ ਸਮੇਤ ਕਾਂਗਰਸ ਹਾਈਕਮਾਂਡ ਦੇ ਕਈ ਵੱਡੇ ਆਗੂਆਂ ਦੇ ਕਰੀਬੀ ਰਹੇ ਹਨ ਪਰ ਹਮੇਸ਼ਾ ਆਪਣੇ ਹੀ ਇਲਾਕੇ 'ਚ ਪਾਰਟੀ ਆਗੂਆਂ ਦੇ ਨਿਸ਼ਾਨੇ 'ਤੇ ਰਹੇ ਹਨ। 2020 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੇਖੜੀ ਨੂੰ ਬਟਾਲਾ ਵਿਧਾਨ ਸਭਾ ਸੀਟ ਤੋਂ ਟਿਕਟ ਲੈਣ ਲਈ ਬਹੁਤ ਜੱਦੋ-ਜਹਿਦ ਕਰਨੀ ਪਈ ਸੀ ਪਰ ਪਾਰਟੀ 'ਚ ਧੜੇਬੰਦੀ ਕਾਰਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਅਸ਼ਵਨੀ ਸੇਖੜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨਜ਼ਦੀਕ ਸਨ ਪਰ ਬਾਅਦ 'ਚ ਜਦ ਨਵਜੋਤ ਸਿੰਘ ਸਿੱਧੂ ਦਾ ਅਲੱਗ ਧੜਾ ਬਣ ਗਿਆ ਤਾਂ ਸੇਖੜੀ ਸਿੱਧੂ ਵੱਲ ਨੂੰ ਹੋ ਗਏ। ਪਿਛਲੀ ਕਾਂਗਰਸ ਸਰਕਾਰ ਵੇਲੇ ਸੇਖੜੀ ਤੇ ਤ੍ਰਿਪਤ ਬਾਜਵਾ ਇੱਕ-ਦੂਜੇ ਦੇ ਵਿਰੋਧੀ ਰਹੇ ਸਨ। ਅਸ਼ਵਨੀ ਸੇਖੜੀ ਨੇ ਪਹਿਲੀ ਵਾਰ 1985 ਵਿਚ ਬਟਾਲਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ। ਉਹ 2002 ਅਤੇ 2012 ਵਿਚ ਬਟਾਲਾ ਤੋਂ ਮੁੜ ਚੁਣੇ ਗਏ ਸਨ। 2002 ਵਿਚ, ਉਨ੍ਹਾਂ ਨੂੰ ਸੈਰ-ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ ਥਾਪੇ ਗਏ। 2009 ਵਿਚ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।