
19 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਵਿਚ ਹੋਣਗੀਆਂ 19ਵੀਆਂ ਏਸ਼ੀਆਈ ਖੇਡਾਂ
ਚੰਡੀਗੜ੍ਹ : ਏਸ਼ਿਆਈ ਖੇਡਾਂ ਵਿਚ ਪਹਿਲੀ ਵਾਰ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ। 19ਵੀਆਂ ਏਸ਼ੀਆਈ ਖੇਡਾਂ 19 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਵਿਚ ਹੋਣੀਆਂ ਹਨ। ਇਸ ਵਿਚ ਹਿੱਸਾ ਲੈਣ ਵਾਲੀ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ਦਾ ਐਲਾਨ ਕੀਤਾ ਗਿਆ। ਮਹਿਲਾ ਚੋਣ ਕਮੇਟੀ ਨੇ ਹਰਮਨਪ੍ਰੀਤ ਕੌਰ ਨੂੰ ਕਪਤਾਨ ਬਣਾਇਆ ਹੈ। ਸ਼ਹਿਰ ਤੋਂ ਕ੍ਰਿਕਟ ਦੀਆਂ ਬਾਰੀਕੀਆਂ ਸਿੱਖਣ ਵਾਲੀਆਂ ਤਿੰਨ ਮਹਿਲਾ ਖਿਡਾਰਨਾਂ ਨੂੰ ਵੀ ਟੀਮ ਵਿੱਚ ਥਾਂ ਮਿਲੀ ਹੈ। ਇਨ੍ਹਾਂ ਵਿੱਚ ਅਮਨਜੋਤ ਕੌਰ, ਕਾਸ਼ਵੀ ਗੌਤਮ ਅਤੇ ਹਰਲੀਨ ਦਿਓਲ ਸ਼ਾਮਲ ਹਨ। ਭਾਰਤੀ ਮਹਿਲਾ ਟੀਮ ਏਸ਼ੀਆਈ ਖੇਡਾਂ 'ਚ ਟੀ-20 ਕ੍ਰਿਕਟ ਫਾਰਮੈਟ 'ਚ ਖੇਡੇਗੀ।
ਕੋਚ ਨਾਗੇਸ਼ ਗੁਪਤਾ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਕ੍ਰਿਕਟ ਨੂੰ ਪਹਿਲੀ ਵਾਰ ਏਸ਼ਿਆਈ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਪਹਿਲੀ ਵਾਰ ਭਾਰਤੀ ਟੀਮ ਵਿਚ ਤਿੰਨ ਮਹਿਲਾ ਖਿਡਾਰਨਾਂ ਦਾ ਹੋਣਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ। ਉਥੇ ਹੀ ਬੇਟੀਆਂ ਦੀ ਚੋਣ 'ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।
ਅਮਨਜੋਤ ਕੌਰ: ਖਾਲਸਾ ਕਾਲਜ ਦੀ ਵਿਦਿਆਰਥਣ, ਵਨਡੇ ਅਤੇ ਟੀ-20 ਸੀਰੀਜ਼ ਵਿਚ ਲੈ ਰਹੀ ਭਾਗ
ਅਮਨਜੋਤ ਕੌਰ ਨੂੰ ਬੰਗਲਾਦੇਸ਼ ਖਿਲਾਫ ਆਗਾਮੀ ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਮਹਿਲਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਅਮਨਜੋਤ ਕੌਰ ਖਾਲਸਾ ਕਾਲਜ ਸੈਕਟਰ-26 ਦੀ ਵਿਦਿਆਰਥਣ ਹੈ। ਜਦੋਂ ਉਹ ਕ੍ਰਿਕਟ ਖੇਡਣ ਲੱਗੀ ਤਾਂ ਲੋਕ ਤਾਅਨੇ ਮਾਰਦੇ ਸਨ ਕਿ ਕੁੜੀ ਹੋ ਕੇ ਕ੍ਰਿਕਟ ਖੇਡਦੀ ਹੈ, ਇਹ ਤਾਂ ਮੁੰਡੇ ਦੀ ਖੇਡ ਹੈ। ਲੋਕਾਂ ਦੇ ਤਾਅਨਿਆਂ ਨੇ ਅਮਨਜੋਤ ਕੌਰ ਨੂੰ ਖਿਡਾਰਨ ਵਜੋਂ ਹੋਰ ਮਜ਼ਬੂਤ ਬਣਾ ਦਿਤਾ। ਇਸ ਤੋਂ ਬਾਅਦ ਕੋਚ ਨਾਗੇਸ਼ ਗੁਪਤਾ ਨੇ ਉਸ ਨੂੰ ਆਲਰਾਊਂਡਰ ਬਣਨ ਲਈ ਤਿਆਰ ਕੀਤਾ।
ਚੰਡੀਗੜ੍ਹ ਤੋਂ ਉਹ ਜੂਨੀਅਰ ਪੱਧਰ ਤੋਂ ਸੀਨੀਅਰ ਤੱਕ ਖੇਡੀ। ਜਦੋਂ ਕਿ ਪਿਛਲੇ ਸਾਲ ਉਸ ਨੇ ਪੰਜਾਬ ਤੋਂ ਖੇਡਣਾ ਸ਼ੁਰੂ ਕੀਤਾ ਸੀ ਕਿਉਂਕਿ ਪੰਜਾਬ ਤੋਂ ਖੇਡਣ ਵਾਲੀ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਤਾਨੀਆ ਭਾਟੀਆ ਭਾਰਤੀ ਟੀਮ ਵਿਚ ਖੇਡਦੀਆਂ ਸਨ। ਮੁਹਾਲੀ ਦੇ ਫੇਜ਼-5 ਵਿਚ ਰਹਿਣ ਵਾਲੀ ਅਮਨਜੋਤ ਕੌਰ ਇਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਦੇ ਪਿਤਾ ਤਰਖਾਣ ਦਾ ਕੰਮ ਕਰਦੇ ਹਨ। ਮੁਹਾਲੀ ਨੇੜੇ ਬਲੌਂਗੀ ਵਿਚ ਉਸ ਦੀ ਲੱਕੜ ਦੀ ਦੁਕਾਨ ਹੈ। ਧੀ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਲਈ ਪਿਤਾ ਨੇ ਬਹੁਤ ਸੰਘਰਸ਼ ਕੀਤਾ ਅਤੇ ਉਸੇ ਦੇ ਨਤੀਜੇ ਵਜੋਂ ਅੱਜ ਅਮਨਜੋਤ ਦੀ ਭਾਰਤੀ ਟੀਮ 'ਚ ਚੋਣ ਹੋਈ ਹੈ।
ਹਰਲੀਨ ਦਿਓਲ: ਟੀ-20 ਅਤੇ ਵਨਡੇ ਵਿਚ ਇੰਗਲੈਂਡ ਖਿਲਾਫ ਕੀਤਾ ਸੀ ਡੈਬਿਊ
ਐਮਸੀਐਮ ਡੀਏਵੀ ਕਾਲਜ ਦੀ ਵਿਦਿਆਰਥਣ ਅਤੇ ਮੁਹਾਲੀ ਦੀ ਰਹਿਣ ਵਾਲੀ ਹਰਲੀਨ ਦਿਓਲ ਵੀ ਏਸ਼ੀਅਨ ਖੇਡਾਂ ਵਿਚ ਭਾਰਤੀ ਕ੍ਰਿਕਟ ਟੀਮ ਵਿਚ ਸਟੈਂਡ ਬੁਆਏ ਵਜੋਂ ਚੁਣੀ ਗਈ ਹੈ। ਹਰਲੀਨ ਦਿਓਲ ਪਿਛਲੇ ਕੁਝ ਸਾਲਾਂ ਤੋਂ ਮਹਿਲਾ ਟੀਮ ਇੰਡੀਆ ਦੀ ਮੈਂਬਰ ਹੈ। ਹਰਲੀਨ ਦਿਓਲ ਨੂੰ ਘਰੇਲੂ ਕ੍ਰਿਕਟ 'ਚ ਬਿਹਤਰ ਪ੍ਰਦਰਸ਼ਨ ਦੇ ਆਧਾਰ 'ਤੇ 2019 'ਚ ਟੀਮ ਇੰਡੀਆ 'ਚ ਜਗ੍ਹਾ ਮਿਲੀ ਸੀ।
ਉਸਨੇ ਫਰਵਰੀ 2019 ਵਿਚ ਮੁੰਬਈ ਵਿਚ ਇੰਗਲੈਂਡ ਦੇ ਖਿਲਾਫ ਆਪਣਾ ਵਨਡੇ ਡੈਬਿਊ ਕੀਤਾ ਸੀ ਜਦੋਂ ਕਿ ਟੀ-20 ਵਿਚ ਉਸਨੇ ਮਾਰਚ 2019 ਵਿਚ ਇੰਗਲੈਂਡ ਦੇ ਖਿਲਾਫ ਆਪਣੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਉਸ ਨੇ ਟੀ-20 ਵਿਚ 5 ਮੈਚ ਖੇਡੇ ਹਨ, ਜਿਸ ਵਿਚ ਚਾਰ ਪਾਰੀਆਂ ਵਿਚ 46 ਦੌੜਾਂ ਬਣਾਈਆਂ ਹਨ ਅਤੇ ਤਿੰਨ ਵਿਕਟਾਂ ਲਈਆਂ ਹਨ। ਉਸ ਦਾ ਸਰਵੋਤਮ ਪ੍ਰਦਰਸ਼ਨ 13 ਦੌੜਾਂ ਦੇ ਕੇ 2 ਵਿਕਟਾਂ ਹੈ।
ਕਾਸ਼ਵੀ ਗੌਤਮ: ਮਹਿਲਾ ਐਮਰਜਿੰਗ ਟੀਮਾਂ ਏਸ਼ੀਆ ਕੱਪ 2023 ਦੀ ਜੇਤੂ ਟੀਮ ਦੀ ਸੀ ਮੈਂਬਰ
ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿਚ ਬੀਏ ਦੀ ਵਿਦਿਆਰਥਣ ਕਸ਼ਵੀ ਗੌਤਮ ਨੂੰ ਏਸ਼ੀਅਨ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਸਟੈਂਡ ਬੁਆਏ ਵਜੋਂ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ਵਿੱਚ, ਹਾਂਗਕਾਂਗ ਵਿਚ ਏਸ਼ੀਆ ਕ੍ਰਿਕਟ ਕੌਂਸਲ (ਏ.ਸੀ.ਸੀ.) ਦੁਆਰਾ ਆਯੋਜਿਤ ਮਹਿਲਾ ਉਭਰਦੀਆਂ ਟੀਮਾਂ ਏਸ਼ੀਆ ਕੱਪ 2023 ਵਿਚ ਜੇਤੂ ਭਾਰਤੀ ਟੀਮ, ਯੂਟੀ ਕ੍ਰਿਕਟ ਸੰਘ ਦੀ ਇੱਕ ਖਿਡਾਰਨ ਹੈ।