
ਦੁਨੀਆਂ ਭਰ ਵਿਚ ਜਿਥੇ ਵੀ ਮੁਸ਼ਕਲ ਆਈ, ਸਿੱਖਾਂ ਨੇ ਸੱਭ ਤੋਂ ਪਹਿਲਾਂ ਮੋਰਚਾ ਸੰਭਾਲਿਆ
ਚੰਡੀਗੜ੍ਹ (ਹਰਜੀਤ ਕੌਰ/ਕਮਲਜੀਤ ਕੌਰ): ਪੰਜਾਬ ਵਿਚ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਲਈ ਜਿਥੇ ਪ੍ਰਸ਼ਾਸਨ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਡਟੀਆਂ ਹੋਈਆਂ ਹਨ, ਉਥੇ ਹੀ ਗੁਆਂਢੀ ਸੂਬੇ ਵੀ ਪੰਜਾਬੀਆਂ ਦੀ ਔਖੀ ਘੜੀ ਵਿਚ ਉਨ੍ਹਾਂ ਨਾਲ ਖੜਦੇ ਨਜ਼ਰ ਆ ਰਹੇ ਹਨ। ਕੁਦਰਤੀ ਆਫ਼ਤ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਹਰਿਆਣਾ ਅਤੇ ਰਾਜਸਥਾਨ ਦੇ ਲੋਕ ਅੱਗੇ ਆਏ ਹਨ।
ਹਰਿਆਣਾ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਲੋਕਾਂ ਨੂੰ ਜ਼ਰੂਰੀ ਸਾਮਾਨ ਮੁਹਈਆ ਕਰਵਾਉਣ ਮਗਰੋਂ ਸੂਬੇ ਦੇ ਨੌਜੁਆਨਾਂ ਨੇ ਪੰਜਾਬ ਦੇ ਪਿੰਡਾਂ ਵਿਚ ਜ਼ਰੂਰੀ ਰਸਦ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਹਰਿਆਣਾ ਦੇ ਨੌਜੁਆਨ ਟਰਾਲੀਆਂ ਵਿਚ ਰਾਸ਼ਨ ਭਰ ਕੇ ਪੰਜਾਬ ਦੇ ਪਿੰਡਾਂ ਵਲ ਰਵਾਨਾ ਹੋ ਰਹੇ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਰਨਾਲ-ਸਰਹਿੰਦ ਰੋਡ ’ਤੇ ਪੈਂਦੇ ਪਿੰਡ ਸ਼ੇਖੁਪੁਰਾ ਦੇ ਨੌਜੁਆਨਾਂ ਨੇ ਦਸਿਆ ਕਿ ਪੂਰੇ ਪਿੰਡ ਨੇ ਮਿਲ ਕੇ ਫ਼ੈਸਲਾ ਲਿਆ ਕਿ ਪੰਜਾਬ ਵਿਚ ਵਸਦੇ ਭਰਾਵਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆਂ ਭਰ ਵਿਚ ਜਿਥੇ ਵੀ ਮੁਸ਼ਕਲ ਆਈ, ਸਿੱਖਾਂ ਨੇ ਸੱਭ ਤੋਂ ਪਹਿਲਾਂ ਮੋਰਚਾ ਸੰਭਾਲਿਆ। ਬਾਬੇ ਨਾਨਕ ਨੇ ਇਹ ਸੇਵਾ ਸਿੱਖਾਂ ਦੇ ਖ਼ੂਨ ਵਿਚ ਹੀ ਭਰ ਦਿਤਾ ਹੈ, ਕਿਸੇ ਵੀ ਵਰਗ ਦੇ ਲੋਕਾਂ ’ਤੇ ਮੁਸੀਬਤ ਆਉਂਦੀ ਹੈ ਤਾਂ ਅਸੀਂ ਬੈਠੇ ਨਹੀਂ ਰਹਿ ਸਕਦੇ। ਪੰਜਾਬ ਦੇ ਕਿਸੇ ਵੀ ਇਲਾਕੇ ਵਿਚ ਲੋੜ ਹੋਈ, ਅਸੀਂ ਅਪਣੇ ਭਰਾਵਾਂ ਲਈ ਉਥੇ ਜ਼ਰੂਰ ਪਹੁੰਚਾਂਗੇ। ਇਨ੍ਹਾਂ ਨੌਜੁਆਨਾਂ ਵਲੋਂ ਖਨੌਰੀ, ਪਾਤੜਾਂ, ਸਮਾਣਾ ਇਲਾਕਿਆਂ ਵਿਚ ਜ਼ਰੂਰੀ ਸਾਮਾਨ ਪਹੁੰਚਾਇਆ ਜਾ ਰਿਹਾ ਹੈ।
ਨੌਜੁਆਨਾਂ ਨੇ ਦਸਿਆ ਕਿ ਇਸ ਉਪਰਾਲੇ ਵਿਚ ਐਨ.ਆਰ.ਆਈ ਭਰਾਵਾਂ ਵਲੋਂ ਵੀ ਸਹਿਯੋਗ ਦਿਤਾ ਜਾ ਰਿਹਾ ਹੈ। ਹਰਿਆਣਾ ਦੇ ਨੌਜੁਆਨ ਪਸ਼ੂਆਂ ਲਈ ਹਰੇ ਚਾਰੇ ਦੇ ਨਾਲ-ਨਾਲ ਤੂੜੀ ਦੀਆਂ ਟਰਾਲੀਆਂ ਭਰ ਕੇ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਮੱਛਰਦਾਨੀ, ਪੀਣ ਵਾਲਾ ਪਾਣੀ, ਬਿਸਕੁੱਟ, ਬਰੈੱਡ, ਦੁੱਧ, ਦਵਾਈਆਂ ਆਦਿ ਚੀਜ਼ਾਂ ਵੀ ਪਹੁੰਚਾਈਆਂ ਜਾ ਰਹੀਆਂ ਹਨ। ਨੌਜੁਆਨਾਂ ਦਾ ਕਹਿਣਾ ਹੈ ਕਿ ਕਈ ਸਿਆਸੀ ਮੁੱਦਿਆਂ ਨੂੰ ਲੈ ਕੇ ਸਰਕਾਰਾਂ ਪੰਜਾਬ-ਹਰਿਆਣਾ ਦੀ ਆਪਸੀ ਸਾਂਝ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ ਪਰ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ। ਕਿਸਾਨ ਅੰਦੋਲਨ ਦੌਰਾਨ ਆਪਸੀ ਸਾਂਝ ਦੇਖਣ ਨੂੰ ਮਿਲੀ ਅਤੇ ਭਵਿੱਖ ਵਿਚ ਵੀ ਇਸ ਨੂੰ ਬਰਕਰਾਰ ਰਖਿਆ ਜਾਵੇਗਾ।
ਪੰਜਾਬੀਆਂ ਦੀ ਮਦਦ ਲਈ ਰਾਜਸਥਾਨ ਆਇਆ ਅੱਗੇ, ਟਰਾਲੀਆਂ ਭਰ-ਭਰ ਲਿਆਏ ਲੰਗਰ
ਮੂਨਕ (ਨਵਜੋਤ ਸਿੰਘ ਧਾਲੀਵਾਲ/ਕਮਲਜੀਤ ਕੌਰ): ਚੰਦਪੁਰਾ ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਮੂਨਕ ਤੋਂ ਜਾਖੜ ਵਲ ਵਧ ਰਿਹਾ ਹੈ। ਕਈ ਪਿੰਡ ਰਾਤੋ-ਰਾਤ ਪਾਣੀ ਦੀ ਲਪੇਟ ਵਿਚ ਆ ਗਏ ਅਤੇ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਇਸ ਔਖੀ ਘੜੀ ਵਿਚ ਅਪਣਿਆਂ ਨੇ ਅਪਣਿਆਂ ਦੀ ਬਾਂਹ ਫੜ ਲਈ ਹੈ। ਪੰਜਾਬੀਆਂ ਦੀ ਮਦਦ ਲਈ ਰਾਜਸਥਾਨ ਤੋਂ ਨੌਜੁਆਨ ਲੰਗਰ ਅਤੇ ਹੋਰ ਰਸਦ ਦੀਆਂ ਟਰਾਲੀਆਂ ਭਰ ਕੇ ਪਹੁੰਚ ਰਹੇ ਹਨ। ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਤੋਂ ਆਏ ਨੌਜੁਆਨ ਸਾਢੇ ਚਾਰ ਫੁੱਟ ਪਾਣੀ ਵਿਚੋਂ ਲੰਘ ਕੇ ਲੋੜਵੰਦ ਪ੍ਰਵਾਰਾਂ ਤਕ ਜ਼ਰੂਰੀ ਸਾਮਾਨ ਪਹੁੰਚਾ ਰਹੇ ਹਨ।
ਸਥਾਨਕ ਲੋਕਾਂ ਨੇ ਦਸਿਆ ਚੰਦਪੁਰਾ ਬੰਨ੍ਹ ਟੁੱਟਣ ਕਾਰਨ ਆ ਰਿਹਾ ਪਾਣੀ ਬੁਢਲਾਡਾ ਅਤੇ ਬਠਿੰਡਾ ਤਕ ਮਾਰ ਕਰੇਗਾ। ਇਸ ਵਾਰ 1993 ਦੇ ਹੜ੍ਹ ਨਾਲੋਂ ਵੀ ਜ਼ਿਆਦਾ ਪਾਣੀ ਆਇਆ ਹੈ। ਇਸ ਪਾਣੀ ਦਾ ਘੱਗਰ ਨਾਲ ਕੋਈ ਸਬੰਧ ਨਹੀਂ ਹੈ, ਬਾਹਰੋਂ ਆਏ ਪਾਣੀ ਕਾਰਨ ਲੋਕਾਂ ’ਤੇ ਇਹ ਮਾਰ ਪਈ ਹੈ। ਪਾਤੜਾਂ ਰੋਡ ’ਤੇ ਪੈਂਦੇ ਪਿੰਡ ਭੂੰਦੜ-ਭੈਣੀ ਦੇ ਪੈਟਰੋਲ ਪੰਪ ਉਤੇ ਵੀ ਕਈ ਦਿਨਾਂ ਤੋਂ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਟਰੈਕ –ਟਰਾਲੀਆਂ ਰਾਹੀਂ ਲੰਗਰ ਅਤੇ ਹੋਰ ਜ਼ਰੂਰ ਸਾਮਾਨ ਪਹੁੰਚਾਇਆ ਜਾ ਰਿਹਾ ਹੈ।