
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ 2 ਕਮੇਟੀਆਂ ਦਾ ਚਾਰਜ ਦਿਤਾ
Punjab News : ਪਹਿਲਾਂ ਲੋਕ-ਸਭਾ ਚੋਣਾਂ ਦਾ ਕੋਡ ਲੱਗਣ ਕਾਰਨ ਫਿਰ ਉਪ ਚੋਣ ਕਰ ਕੇ, ਪੰਜਾਬ ਵਿਧਾਨ ਸਭਾ ਦੀਆਂ 15 ਮਹੱਤਵਪੂਰਨ ਕਮੇਟੀਆਂ ਦਾ ਗਠਨ, ਜੋ ਸਾਢੇ 3 ਮਹੀਨੇ ਲੇਟ ਹੋਇਆ ਸੀ, ਦਾ ਐਲਾਨ ਅੱਜ ਕਰ ਦਿਤਾ ਗਿਆ।
ਰੋਜ਼ਾਨਾ ਸਪੋਕਸਮੈਨ ਨਾਲ ਅੱਜ ਇਥੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਮੇਟੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਤੋ ਆਮ ਲੋਕਾਂ ਦੀ ਸੇਵਾ ਵਾਸਤੇ ਇਨ੍ਹਾਂ ਕਮੇਟੀਆਂ ਦੋ ਸਭਾ-ਪਤੀਆਂ ਤੇ ਮੈਂਬਰਾਂ ’ਚ ਰੱਦੋ-ਬਦਲ ਕੀਤੀ ਗਈ ਹੈ। ਪਿਛਲੇ ਸਾਲ ਦੇ ਲਗਾਏ ਚੇਅਰਮੈਨ ਲੋਕ-ਲੇਖਾ ਕਮੇਟੀ, ਕਾਂਗਰਸ ਦੇ ਸੀਨੀਅਰ ਵਿਧਾਇਕ ਸ: ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੂੰ ਹਟਾ ਕੇ ਰਾਣਾ ਗੁਰਜੀਤ ਸਿੰਘ ਨੂੰ ਲਗਾਇਆ ਹੈ।
ਇਸੇ ਤਰ੍ਹਾਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ 2 ਕਮੇਟੀਆਂ ਯਾਨੀ ਹਾਊਸ ਕਮੇਟੀ ਅਤੇ ਅਨੁਮਾਨ ਕਮੇਟੀ ਦੇ ਚੇਅਰਮੈਨ ਲਗਾਇਆ ਗਿਆ ਹੈ। ਪਿਛਲੇ ਸਾਲ ਅਨੁਮਾਨ ਕਮੇਟੀ ਦੇ ਸਭਾ ਪਤੀ ਮਨਜੀਤ ਸਿੰਘ ਬਿਲਾਮਪੁਰ ਸਨ, ਜਿਨ੍ਹਾਂ ਨੂੰ ਐਤਕੀਂ, ਪਟੀਸਨ ਕਮੇਟੀ ਦੇ ਚੇਅਰਮੈਨ ਲਗਾਇਆ ਹੈ।
ਸਰਕਾਰੀ ਕਾਰੋਬਾਰ ਕਮੇਟੀ ਦੀ ਸਭਾਪਤੀ ਇਸ ਸਾਲ ਸਰਵਜੀਤ ਕੌਰ ਮਾਣੂੰਕੇ ਨੂੰ ਲਗਾਇਆ ਹੈ, ਉੱਥੇ ਪਹਿਲਾਂ ਬੁੱਧ ਰਾਮ ਚੇਅਰਮੈਨ ਸਨ। ਇਸ ਸਾਲ ਬੁੱਧ ਰਾਮ ਨੂੰ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਦਾ ਚੇਅਰਮੈਨ ਲਾਇਆ ਹੈ।
ਸਪੀਕਰ ਸੰਧਵਾਂ ਨੇ ਦਸਿਆ ਕਿ ਵਿਸ਼ੇਸ਼ ਅਧਿਕਾਰ ਕਮੇਟੀ, ਖੇਤੀਬਾੜੀ ਕਮੇਟੀ, ਸਹਿਕਾਰਤਾ ਗਤੀਵਿਧੀਆਂ ਕਮੇਟੀ ਦੇ ਚੇਅਰਮੈਨ, ਪਿਛਲੇ ਸਾਲ ਵਾਲੇ ਯਾਨੀ ਕ੍ਰਮਵਾਰ ਕੁਲਵੰਤ ਸਿੰਘ ਪੰਡੋਰੀ, ਸਰਵਣ ਸਿੰਘ ਧੁੰਨ, ਗੁਰਪ੍ਰੀਤ ਸਿੰਘ ਬਨਾਂਵਾਲੀ ਨੂੰ ਹੀ ਰੱਖਿਆ ਗਿਆ ਹੈ। ਸਥਾਨਕ ਸੰਸਥਾਵਾਂ ਕਮੇਟੀ ਦੇ ਚੇਅਰਮੈਨ ਵੀ ਗਰਪ੍ਰੀਤ ਸਿੰਘ ਬੱਸੀ ਗੋਗੀ ਵੀ ਪਿਛਲੇ ਸਾਲ ਵਾਲੇ ਹੀ ਹਨ।
ਪਿਛਲੇ ਸਾਲ ਦੇ ਸਭਾਪਤੀਆਂ, ਮੁਹੰਮਦ ਜ਼ਮੀਲ ਉਰ-ਰਹਿਮਾਨ, ਜਗਦੀਪ ਗੋਲਡੀ, ਰਜਨੀਸ਼ ਕੁਮਾਰ ਦਹੀਆ ਨੂੰ ਕਿਸੇ ਵੀ ਕਮੇਟੀ ਦਾ ਸਭਾਪਤੀ ਨਹੀਂ ਬਣਾਇਆ ਗਿਆ ਹੈ। ਇਨ੍ਹਾਂ ਕਮੇਟੀਆਂ ਦੇ ਚੇਅਰਮੈਨ ਅਤੇ ਵਿਧਾਇਕ ਮੈਂਬਰਾਂ ਦੀ ਅਦਲਾ-ਬਦਲੀ ਦੇ ਸਰਕਾਰੀ ਐਲਾਨ ਉਪਰੰਤ, ਭਲਕੇ ਤੋਂ, ਮੀਟਿੰਗਾਂ ਦਾ ਦੌਰ ਅਤੇ ਭੱਤਾ ਕਮਾਈ ਦਾ ਰੋਜਾਨਾ ਮੀਟਰ ਚਾਲੂ ਹੋ ਜਾਏਗਾ।