
ਮਰੀ ਗਾਂ ਦਾ ਬੀਮਾ ਦਿਲਵਾਉਣ ਬਦਲੇ ਮੰਗੀ ਸੀ ਰਿਸ਼ਵਤ
Fazilka News : ਅੱਜ ਵਿਜੀਲੈਂਸ ਵਿਭਾਗ ਦੀ ਟੀਮ ਨੇ ਅਬੋਹਰ ਦੇ SBI ਬੈਂਕ ਦੀ ਮੁੱਖ ਸ਼ਾਖਾ ਵਿਚ SBI ਇਨਸੋਰੇਂਸ ਵਿਭਾਗ ਦੇ ਬੀਮਾ ਕਰਮਚਾਰੀ ਸੁਨੀਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਅਬੋਹਰ ਨੂੰ ਪਿੰਡ ਬਹਾਵ ਵਾਲਾ ਦੇ ਇੱਕ ਛੋਟੇ ਕਿਸਾਨ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਮੌਕੇ ਰੰਗੇ ਹੱਥੀ ਕਾਬੂ ਕੀਤਾ ਹੈ। ਉਕਤ ਅਧਿਕਾਰੀ ਨੇ ਬੈਂਕ ਦੀ ਸ਼ਾਖਾ ਦੇ ਨੇੜੇ ਹੀ ਉਸਾਰੀ ਅਧੀਨ ਸਟੇਡੀਅਮ ਵਿਚ ਸ਼ਿਕਾਇਤਕਰਤਾ ਤੋਂ ਪੈਸੇ ਲਏ।
ਇਸ ਮੌਕੇ ਸ਼ਿਕਾਇਤ ਕਰਤਾ ਸੁਖਪਾਲ ਸਿੰਘ ਵਾਸੀ ਪਿੰਡ ਬਹਾਵ ਵਾਲਾ ਨੇ ਦੱਸਿਆ ਕਿ ਉਹ ਡੇਅਰੀ ਦਾ ਕੰਮ ਕਰਦਾ ਹੈ ਤੇ 29 ਜੂਨ ਨੂੰ ਇੱਕ ਗਾਂ ਦੀ ਮੌਤ ਹੋ ਗਈ ਸੀ ਤੇ ਉਸਦਾ ਬੀਮਾ ਕਰਵਾਇਆ ਹੋਇਆ ਸੀ। ਉਕਤ ਅਧਿਕਾਰੀ ਨੇ ਬੀਮੇ ਦੀ ਰਕਮ ਦਿਲਵਾਉਣ ਬਦਲੇ 15 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਪਰ ਸੌਦਾ 12 ਹਜਾਰ ਰੁਪਏ ਤੈਅ ਹੋਏ ਅਤੇ ਅੱਜ 10 ਹਜ਼ਾਰ ਰੁਪਏ ਦੇਣੇ ਤੈਅ ਹੋਏ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਅਬੋਹਰ ਜਗਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਕਿਸਾਨ ਆਪਣੀ ਸਮੱਸਿਆ ਉਨ੍ਹਾਂ ਕੋਲ ਲੈ ਕੇ ਆਇਆ ਸੀ। ਉਨ੍ਹਾਂ ਵਿਜੀਲੈਂਸ ਤੱਕ ਪਹੁੰਚ ਕੀਤੀ ਤੇ ਅੱਜ ਕਾਰਵਾਈ ਪਾਈ ਗਈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਮੁਕਤ ਦੀਆਂ ਗੱਲਾਂ ਕਰਦੇ ਹਨ ਪਰ ਵਿਜੀਲੈਂਸ ਤਕ ਪਹੁੰਚ ਕਰਕੇ ਸ਼ਿਕਾਇਤਕਰਤਾ ਨੂੰ ਇੱਕ ਵੱਡੀ ਦਿੱਕਤ ਆਉਂਦੀ ਹੈ ਕਿ ਜਿਸ ਅਧਿਕਾਰੀ ਨੂੰ ਪੈਸੇ ਸਮੇਤ ਪਕੜਿਆ ਜਾਂਦਾ ਹੈ ,ਉਹ ਪੈਸੇ ਸ਼ਿਕਾਇਤਕਰਤਾ ਨੂੰ ਆਪਣੇ ਪੱਲੋ ਦੇਣੇ ਪੈਂਦੇ ਹਨ, ਜਦਕਿ ਇਹ ਪੈਸੇ ਵਿਜੀਲੈਂਸ ਨੂੰ ਹੀ ਦੇਣੇ ਚਾਹੀਦੀ ਹਨ।
ਇਸ ਬਾਰੇ ਵਿਜੀਲੈਂਸ ਟੀਮ ਦੇ ਡੀਐਸਪੀ ਗੁਰਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਤਕ ਸ਼ਿਕਾਇਤਕਰਤਾ ਨੇ ਪਹੁੰਚ ਕੀਤੀ ਸੀ ਤੇ ਉਕਤ ਅਧਿਕਾਰੀ( BDM ) ਸਹਾਇਕ ਮੈਨੇਜਰ ਵੱਲੋਂ ਬੀਮੇ ਦੀ ਰਕਮ ਜਾਰੀ ਕਰਨ ਬਦਲੇ ਪੈਸਿਆਂ ਦੀ ਮੰਗ ਕੀਤੀ ਗਈ ਸੀ , ਜਿਸ 'ਤੇ ਵਿਜੀਲੈਂਸ ਨੇ ਜਾਲ ਵਿਛਾ ਕੇ ਉਸਨੂੰ ਰਿਸ਼ਵਤ ਦੇ ਲਏ ਪੈਸਿਆਂ ਸਮੇਤ ਕਾਬੂ ਕਰ ਲਿਆ ਹੈ।