
ਕਿਹਾ- ਵਿਧਾਇਕ ਦੇ ਗਲ ਵਿਚ ਵੀ ਪਾਵਾਂਗਾ ਛਿੱਤਰਾਂ ਦਾ ਹਾਰ
ਮੋਗਾ (ਦਲੀਪ ਕੁਮਾਰ)- 15 ਅਗਸਤ ਨੂੰ ਪੂਰੇ ਭਾਰਤ ਨੇ ਆਜ਼ਾਦੀ ਦਿਹਾੜਾ ਮਨਾਇਆ। ਭਾਰਤ ਦੇਸ਼ ਸਭ ਤੋ ਵੱਡਾ ਲੋਕਤੰਤਰ ਦੇਸ਼ ਹੈ। ਭਾਰਤ ਦੇਸ਼ ਨੂੰ ਅਜ਼ਾਦ ਹੋਇਆ 75 ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਇੱਕ ਸਖਸ਼ ਜਿਸ ਦਾ ਕਹਿਣਾ ਹੈ ਕਿ ਅਸੀਂ ਅੱਜ ਵੀ ਗੁਲਾਮ ਹਾਂ। ਮਾਮਲਾ ਬਾਘਾ ਪੁਰਾਣਾ ਦਾ ਹੈ ਜਿੱਥੇ ਐਸ ਡੀ ਐਮ ਦਫ਼ਤਰ ਵਿਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਉਸ ਸਮੇਂ ਓਥੇ ਇਕ ਵਿਅਕਤੀ ਜੋ ਆਪਣਾ ਨਾਮ ਚੰਦ ਸਿੰਘ ਸਾਬਕਾ ਪੰਚਾਇਤ ਮੈਂਬਰ ਪਿੰਡ ਵੈਰੋਕੇ ਦੱਸ ਰਿਹਾ ਸੀ। ਉਹ ਆਪਣੇ ਗਲੇ ਵਿਚ ਟੁੱਟੇ ਛਿੱਤਰਾਂ ਦਾ ਹਾਰ ਪਾ ਕੇ ਪਹੁੰਚਿਆ ਜੋ ਕਿ ਚਰਚਾ ਬਣ ਗਿਆ।
Chand Singh
ਜਦੋਂ ਪੱਤਰਕਾਰਾਂ ਵੱਲੋਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ 550 ਸਾਲਾਂ ਪ੍ਰਕਾਸ਼ ਪੁਰਬ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਅਤੇ ਵਾਤਾਵਰਣ ਦਿਵਸ ਮਨਾਉਣ ਲਈ ਕਿਹਾ ਸੀ ਅਤੇ ਹਰ ਪਿੰਡ ਵਿਚ 33 ਪ੍ਰਤੀਸ਼ਤ ਪੰਚਾਇਤੀ ਜ਼ਮੀਨ ‘ਤੇ ਰੁੱਖ ਲਗਾਉਣ ਦੇ ਹੁਕਮ ਦਿੱਤੇ ਗਏ ਸਨ। ਚੰਦ ਸਿੰਘ ਵੈਰੋਕੇ ਦਾ ਕਹਿਣਾ ਸੀ ਕਿ ਉਸ ਨੇ ਸਰਕਾਰ ਵੱਲੋਂ ਕੀਤੇ ਇਸ ਐਲਾਨ ਨੂੰ ਪੂਰਾ ਕਰਵਾਉਣ ਲਈ ਬਹੁਤ ਜ਼ੋਰ ਲਾਇਆ ਪਰ ਉਸ ਦੀ ਕਿਸੇ ਨਹੀਂ ਸੁਣੀ ਨਾ ਮੰਨੀ
Photo
ਉਸ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਨਰਸਰੀ ਨੇ ਉਸ ਨੂੰ ਇੱਕ ਵੀ ਬੂਟਾ ਨਹੀਂ ਦਿੱਤਾ। ਇਹਨਾਂ ਹੁਕਮਾਂ ਦਾ ਪਾਲਣ ਕਰਦੇ ਹੋਏ ਮੈਂ 1 ਕਿੱਲੇ ਪੰਚਾਇਤੀ ਜ਼ਮੀਨ ਵਿਚ ਦਰੱਖਤ ਲਗਾਏ ਪਰ ਉਸ ਜ਼ਮੀਨ ਨੂੰ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਵਾਹ ਕੇ ਸਾਰੇ ਪੌਦੇ ਖ਼ਰਾਬ ਕਰ ਦਿੱਤੇ। ਚੰਦ ਸਿੰਘ ਦਾ ਕਹਿਣਾ ਸੀ ਕਿ ਮੈਨੂੰ 2 ਸਾਲ ਹੋ ਗਏ ਪਰ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਮੇਰੀ ਗੱਲ ਨਹੀਂ ਸੁਣ ਰਿਹਾ। ਅੱਜ ਆਜ਼ਾਦੀ ਦਿਹਾੜੇ ਮੈਂ ਇਹ ਛਿੱਤਰਾਂ ਦਾ ਹਾਰ ਪਾ ਕੇ ਦੱਸਣਾ ਚਾਉਂਦਾ ਹਾਂ ਕਿ ਆਪਾਂ ਕਿੰਨੇ ਕੁ ਆਜ਼ਾਦ ਹੋਏ ਹਨ । ਮੇਰੇ ਇਸ ਵਿਵਹਾਰ ਮਗਰ ਸਰਕਾਰ ਜਿੰਮੇਵਾਰ ਹੈ। ਚੰਦ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਐਸ ਡੀ ਐਮ ਨੂੰ ਮਿਲਣ ਆਏ ਪਰ ਉਹਨਾਂ ਦੇ ਅੱਗੇ ਬੈਠੇ ਕਲਰਕਾਂ ਨੇ ਉਸ ਨੂੰ ਕਦੇ ਵੀ ਮਿਲਣ ਨਹੀਂ ਦਿੱਤਾ।
Chand Singh
ਚੰਦ ਸਿੰਘ ਨੇ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਬਰਾੜ ਉਪਰ ਵੀ ਇਲਜ਼ਾਮ ਲਗਾਏ ਕਿ ਜੋ ਮੈਂ ਅੱਜ ਇਹ ਛਿੱਤਰਾਂ ਦਾ ਹਾਰ ਆਪਣੇ ਗਲ ਵਿਚ ਪਾਇਆ ਹੈ ਇਸ ਦਾ ਜਿੰਮੇਵਾਰ ਐਮ ਐਲ ਏ ਦਰਸ਼ਨ ਖੋਟੇ ਹੈ ਅਤੇ ਚੇਤਾਵਨੀ ਵੀ ਦਿੱਤੀ ਕਿ ਜਦੋ ਵੀ ਦਰਸ਼ਨ ਖੋਟੇ ਸਾਡੇ ਪਿੰਡ ਆਵੇਗਾ ਮੈਂ ਇਸ ਦੇ ਗਲੇ ਵਿਚ ਵੀ ਇਹੀ ਛਿੱਤਰਾਂ ਦਾ ਹਾਰ ਪਾ ਕੇ ਮੂੰਹ ਉਪਰ ਕਾਲਾ ਤੇਲ ਮਲ ਕੇ ਸਵਾਗਤ ਕਰਾਂਗਾ।
ਉਸ ਦਾ ਕਹਿਣਾ ਹੈ ਕਿ ਮੈਨੂੰ ਪ੍ਰਸ਼ਾਸ਼ਨ ਵੱਲੋਂ ਅੱਜ ਤੱਕ ਪ੍ਰਸ਼ੰਸ਼ਾ ਪੱਤਰ ਇਸ ਕਰਕੇ ਨਹੀਂ ਦਿੱਤਾ ਗਿਆ ਕਿਉਂਕਿ ਮੈਂ ਕਿਸੇ ਦਾ ਚਮਚਾ ਨਹੀਂ। ਜੇ ਮੈਂ ਚਮਚਾਗਿਰੀ ਕਰਦਾ ਤਾਂ ਅੱਜ ਮੈਂ ਵੀ ਅਗਲੀਆਂ ਕੁਰਸੀ ‘ਤੇ ਬੈਠਾ ਹੁੰਦਾ। ਚੰਦ ਸਿੰਘ ਵੈਰੋਕੇ ਨੇ ਕਿਹਾ ਕਿ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਜੇ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਸਾਡੀ ਵਾਤਾਵਰਣ ਪ੍ਰੇਮੀਆਂ ਦੀ ਸੁਣਵਾਈ ਕੀਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਕੀਤਾ ਜਾਵੇ। ਅਖੀਰ ਵਿਚ ਬਾਘਾ ਪੁਰਾਣਾ ਪੁਲਿਸ ਚੰਦ ਸਿੰਘ ਵੈਰੋਕੇ ਨੂੰ ਅਪਣੀ ਡਿਊਟੀ ਨਿਭਾਉਂਦੇ ਹੋਏ ਆਪਣੇ ਨਾਲ ਲੈ ਗਏ।