
ਪਿੰਡ ਉੱਪਲੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ, ਦੁਕਾਨਦਾਰਾਂ ਨੂੰ ਨਾ ਵੇਚਣ ਦੀ ਕੀਤੀ ਅਪੀਲ
Energy Drinks Banned Completely in Upali Village of Sangrur Latest News in Punjabi ਸੰਗਰੂਰ : ਸੰਗਰੂਰ ਦੇ ਪਿੰਡ ਉੱਪਲੀ ਦੀ ਪੰਚਾਇਤ ਨੇ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕਣ ਲਈ ਵੱਡਾ ਫ਼ੈਸਲਾ ਲਿਆ ਹੈ। ਪੰਚਾਇਤੀ ਨੇ ਮਤਾ ਪਾ ਕਿ ਸਟਿੰਗ, ਚਾਰਜ, ਰੈੱਡ ਬੁੱਲ ਤੇ ਹੈਲ ਵਰਗੀਆਂ ਐਨਰਜੀ ਡਰਿੰਕ ਨੂੰ ਪਿੰਡ ਵਿਚੋਂ ਬਿਲਕੁਲ ਬੈਨ ਕਰ ਦਿਤਾ ਹੈ।
ਪਿੰਡ ਦੇ ਸਾਰੇ ਐਂਟਰੀ ਪੁਆਇੰਟਾਂ ਉੱਪਰ ਇਸ ਸਬੰਧੀ ਵੱਡੀਆਂ-ਵੱਡੀਆਂ ਫਲੈਕਸਾਂ ਲਗਾ ਦਿਤੀਆਂ ਗਈਆਂ ਹਨ। ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਾਰੇ ਦੁਕਾਨਦਾਰਾਂ ਨੂੰ ਜਾ ਕੇ ਅਪੀਲ ਕੀਤੀ ਹੈ ਕਿ ਦੁਕਾਨਦਾਰ ਵਲੋਂ ਅੱਗੇ ਤੋਂ ਕੋਈ ਵੀ ਐਨਰਜੀ ਡਰਿੰਕ ਨਾ ਰੱਖੀ ਜਾਵੇ ਤੇ ਨਾ ਹੀ ਵੇਚੀ ਜਾਵੇ। ਐਨਰਜੀ ਡਰਿੰਕ ਵੇਚਣ ਵਾਲੇ ਦੁਕਾਨਦਾਰ ਦਾ ਸਮਾਜਕ ਬਾਇਕਾਟ ਕੀਤਾ ਜਾਵੇਗਾ।
ਦੁਕਾਨਦਾਰਾਂ ਨੇ ਵੀ ਪੰਚਾਇਤ ਦਾ ਪੂਰਾ ਸਾਥ ਦਿਤਾ ਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ, ਸਾਡੇ ਵਲੋਂ ਕੋਈ ਵੀ ਅਜਿਹੀ ਐਨਰਜੀ ਡਰਿੰਕ ਨਹੀਂ ਵੇਚੀ ਜਾਵੇਗੀ ਜੋ ਬੱਚਿਆਂ ਲਈ ਨੁਕਸਾਨਦੇਹ ਹੋਵੇਗੀ।
ਇਸ ਦੇ ਨਾਲ ਹੀ ਨੌਜਵਾਨ ਸਰਪੰਚ ਨੇ ਕਿਹਾ ਕਿ ਲਾਲ ਅਤੇ ਨੀਲੇ ਰੰਗ ਦੀ ਐਨਰਜੀ ਡਰਿੰਕ ਵਿਚ ਕੈਫ਼ਿਨ ਦੀ ਮਾਤਰਾ ਜਿਆਦਾ ਹੁੰਦੀ ਹੈ। ਜਿਸ ਨਾਲ ਬੱਚਿਆਂ ’ਚ ਨਸ਼ੇ ਵਾਲੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਜਿਸ ਤੋਂ ਬਾਅਦ ਬੱਚੇ ਵੱਡੇ ਹੋ ਕੇ ਹੋਰ ਵੱਡੇ ਨਸ਼ਿਆਂ ਵੱਲ ਲੱਗ ਜਾਂਦੇ ਹਨ।
ਇਸ ਦੇ ਨਾਲ ਹੀ ਪਿੰਡ ਉੱਪਲੀ ਦੀ ਸਮੂਹ ਗ੍ਰਾਮ ਪੰਚਾਇਤ ਵਲੋਂ ਸੁਧਾਰਵਾਦੀ ਮੁਹਿੰਮ ਤਹਿਤ ਮਤਿਆਂ ਵਿਚ ਲਏ ਗਏ ਹੋਰ ਅਹਮ ਫ਼ੈਸਲੇ:
1. ਕੋਈ ਵੀ ਦੁਕਾਨਦਾਰ ਪਿੰਡ ਵਿਚ ਸਟਿੰਗ ਜਾਂ ਐਨਰਜੀ ਡਰਿੰਕ ਨਹੀਂ ਵੇਚੇਗਾ, ਨਹੀਂ ਤਾਂ ਉਸ ਦੁਕਾਨਦਾਰ ਦਾ ਪੰਚਾਇਤ ਤੇ ਨਗਰ ਵਲੋਂ ਸਮਾਜਕ ਬਾਈਕਾਟ ਕੀਤਾ ਜਾਵੇਗਾ।
2. ਪਿੰਡ ਵਿਚੋਂ ਜੇ ਕੋਈ ਨਸ਼ਾ ਵੇਚਦਾ ਜਾਂ ਕਰਦਾ ਫੜਿਆ ਜਾਂਦਾ ਹੈ ਤਾਂ ਪਿੰਡ ਵਿਚੋਂ ਕੋਈ ਵੀ ਵਿਅਕਤੀ, ਨੰਬਰਦਾਰ ਜਾਂ ਪੰਚਾਇਤ ਮੈਂਬਰ ਉਸ ਦੀ ਜਮਾਨਤ ਜਾਂ ਗਵਾਹੀ ਦੇਣ ਨਹੀਂ ਜਾਵੇਗਾ ਅਤੇ ਨਾ ਹੀ ਛਡਾਉਣ ਜਾਵੇਗਾ, ਨਹੀਂ ਤਾਂ ਉਸ ਦੇ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
3. ਇਸ ਪਿੰਡ ਦਾ ਜਾਂ ਕਿਸੇ ਹੋਰ ਪਿੰਡ ਦਾ ਕੋਈ ਮੁੰਡਾ ਜੇ ਪਿੰਡ ਦੀ ਕਿਸੇ ਕੁੜੀ ਨਾਲ ਵਿਆਹ ਕਰਵਾ ਕੇ ਸਾਡੇ ਪਿੰਡ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਪਿੰਡ ਵਿਚ ਵੜਨ ਨਹੀਂ ਦਿਤਾ ਜਾਵੇਗਾ।
4. ਜੇ ਪਿੰਡ ਵਿਚ ਕਿਸੇ ਘਰ ਵਿਚ ਕੋਈ ਪ੍ਰਵਾਸੀ ਰਹਿੰਦਾ ਹੈ ਤਾਂ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਪ੍ਰਵਾਸੀ ਦੀ ਪੁਲਿਸ ਵੈਰੀਫ਼ਿਕੇਸ਼ਨ ਕਰਵਾ ਕੇ ਇਕ ਕਾਪੀ ਪੰਚਾਇਤ ਨੂੰ ਦੇਵੇਗਾ। ਉਸ ਪ੍ਰਵਾਸੀ ਦਾ ਪੰਚਾਇਤ ਵਲੋਂ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ।
5. ਜਾਇਦਾਦ ਦੇ ਖ਼੍ਰੀਦ/ਵੇਚ ਮਾਮਲੇ ਵਿਚ ਜੇ ਪੂਰੇ ਪਰਵਾਰ ਦੀ ਸਹਿਮਤੀ ਹੋਵੇਗੀ ਤਾਂ ਕੋਈ ਨੰਬਰਦਾਰ, ਪੰਚਾਇਤ ਮੈਂਬਰ ਜਾਂ ਹੋਰ ਵਿਅਕਤੀ ਗਵਾਹੀ ਦੇ ਸਕਦਾ ਹੈ, ਜੇ ਪਰਵਾਰ ਦੀ ਸਹਿਮਤੀ ਨਹੀਂ ਹੈ ਤਾਂ ਕੋਈ ਗਵਾਹੀ ਦੇਣ ਨਹੀਂ ਜਾਵੇਗਾ।
6. ਪਿੰਡ ਵਿਚ ਖ਼ੁਸ਼ੀ ਆਦਿ ਦੇ ਮੌਕੇ ’ਤੇ ਜੋ ਡੀ.ਜੇ. ਲਾਇਆ ਜਾਂਦਾ ਹੈ, ਉਸ ਦਾ ਸਮਾਂ ਡੀ.ਸੀ. ਸਾਹਿਬ ਵਲੋਂ ਰਾਤ ਦੇ 10.00 ਵਜੇ ਤਕ ਦਾ ਰੱਖਿਆ ਗਿਆ ਹੈ, ਜਿਹੜਾ ਇਸ ਦੀ ਉਲੰਘਣਾ ਕਰੇਗਾ ਉਸ ਵਿਰੁਧ ਪੰਚਾਇਤ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
7. ਜੋ ਵਿਅਕਤੀ ਟਰੈਕਟਰ ’ਤੇ ਡੈਕ ਲਾਉਂਦੇ ਹਨ, ਉਨ੍ਹਾਂ ਨੂੰ ਹਦਾਇਤ ਹੈ ਕਿ ਪਿੰਡ ਦੀ ਜੂਹ ਭਾਵ ਫਿਰਨੀ ਆਦਿ ਦੇ ਅੰਦਰ ਨਾ ਜਾਵੇ, ਉਲੰਘਣਾਂ ਕਰਨ ਵਾਲੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
8. ਜੇ ਕੋਈ ਮੋਟਰਸਾਈਕਲਾਂ ਦੇ ਪਟਾਕੇ ਪਾਉਂਦਾ ਹੈ ਜਾਂ ਵੱਡੇ-ਵੱਡੇ ਹਾਰਨ ਲਾਉਂਦਾ ਹੈ ਤਾਂ ਉਸ ਵਿਰੁਧ ਪੰਚਾਇਤ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
9. ਪਿੰਡ ਦੇ ਕਿਸੇ ਵੀ ਮੈਡੀਕਲ ਹਾਲ ਵਲੋਂ ਕੋਈ ਵੀ ਟੀਕਾ (ਸਰਿੰਜ) ਕਿਸੇ ਵੀ ਵਿਅਕਤੀ ਨੂੰ ਨਹੀਂ ਦਿਤਾ ਜਾਵੇਗਾ, ਉਲੰਘਣਾਂ ਕਰਨ ਵਾਲੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
(For more news apart from stay tuned to Rozana Spokesman.)