
ਪਿਸਤੌਲ ਸਮੇਤ ਕੋਈ ਵਿਅਕਤੀ ਗ੍ਰਿਫਤਾਰ ਨਹੀਂ ਕੀਤਾ ਗਿਆ : ਐਸ.ਐਸ.ਪੀ.
ਕੋਟਕਪੂਰਾ (ਗੁਰਿੰਦਰ ਸਿੰਘ) :- ਸਿਆਸੀ ਜੁਮਲਿਆਂ ਦੇ ਮਾਹਰ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਦੀ ਰੈਲੀ 'ਚ ਪਿਸਤੌਲ ਲੈ ਕੇ ਦਾਖਲ ਹੋਣ ਵਾਲੇ ਵਿਅਕਤੀ ਦਾ ਜੁਮਲਾ ਵੀ ਖੂਬ ਚਰਚਾ 'ਚ ਰਿਹਾ। ਕਿਉਂਕਿ ਇਕ ਪਾਸੇ ਸ੍ਰ ਬਾਦਲ ਸਟੇਜ ਤੋਂ ਪੁਲਿਸ ਦਾ ਹਵਾਲਾ ਦਿੰਦਿਆਂ ਦਾਅਵੇ ਨਾਲ ਆਖ ਰਹੇ ਸਨ ਕਿ ਇਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਪਿਸਤੌਲ ਸਮੇਤ ਕੋਈ ਵਿਅਕਤੀ ਰੈਲੀ 'ਚ ਜਬਰੀ ਦਾਖਲ ਹੋਣਾ ਚਾਹੁੰਦਾ ਸੀ ਪਰ ਪੁਲਿਸ ਨੇ ਦਬੋਚ ਲਿਆ,
ਜਦਕਿ ਦੂਜੇ ਪਾਸੇ ਪੁਲਿਸ ਪ੍ਰਸ਼ਾਸ਼ਨ, ਖੁਫੀਆ ਵਿਭਾਗ ਅਤੇ ਸਾਰੇ ਜਿਲੇ ਦੀ ਪ੍ਰੈਸ ਨਾਲ ਸਬੰਧਤ ਪੱਤਰਕਾਰ ਹੈਰਾਨ, ਪ੍ਰੇਸ਼ਾਨ ਅਤੇ ਸ਼ਸ਼ੋਪੰਜ਼ 'ਚ ਸਨ ਕਿ ਜੇਕਰ ਪੁਲਿਸ ਕਿਸੇ ਅਜਿਹੇ ਸ਼ਖਸ਼ ਨੂੰ ਪਿਸਤੌਲ ਸਮੇਤ ਕਾਬੂ ਕਰਦੀ ਤਾਂ ਸਭ ਨੂੰ ਪਤਾ ਲੱਗ ਜਾਣਾ ਸੀ ਪਰ ਸ੍ਰ ਬਾਦਲ ਨੂੰ ਸ਼ਾਇਦ ਜਜਬਾਤੀ ਪੱਤਾ ਖੇਡਣ ਦਾ ਸ਼ੌਂਕ ਜਾਂ ਤਜ਼ਰਬਾ ਹੈ, ਕਿਉਂਕਿ ਉਹ ਵਾਰ-ਵਾਰ ਇਸ ਗੱਲ 'ਤੇ ਜੋਰ ਦੇ ਰਹੇ ਸਨ ਕਿ ਮੇਰੀ ਜਾਂ ਸੁਖਬੀਰ ਦੀ ਸ਼ਹਾਦਤ ਨਾਲ ਜੇਕਰ ਪੰਜਾਬ 'ਚ ਮਨਸ਼ਾਂਤੀ ਬਹਾਲ ਰਹਿੰਦੀ ਹੈ ਤਾਂ ਉਹ ਦੋਨੋ ਪਿਉ-ਪੁੱਤ ਕੁਰਬਾਨੀ ਦੇਣ ਲਈ ਤਿਆਰ ਹਨ।
ਪੁਲਿਸ ਨੇ ਇਸ ਤਰਾਂ ਦੇ ਕਿਸੇ ਵੀ ਵਿਅਕਤੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰਨ ਤੋਂ ਸਾਫ ਇਨਕਾਰ ਕੀਤਾ ਹੈ। ਜਿਕਰਯੋਗ ਹੈ ਕਿ ਸ੍ਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਕਾਂਗਰਸ, ਦਾਦੂਵਾਲ, ਮੰਡ ਆਦਿਕ ਖਿਲਾਫ ਦੂਸ਼ਣਬਾਜੀ ਕਰਦਿਆਂ ਦੋਸ਼ ਲਾਇਆ ਕਿ ਅੱਜ ਇਕ ਵਿਅਕਤੀ ਮੈਨੂੰ ਅਤੇ ਸੁਖਬੀਰ ਨੂੰ ਮਾਰਨ ਦੀ ਨੀਅਤ ਨਾਲ ਪਿਸਤੌਲ ਸਮੇਤ ਰੈਲੀ 'ਚ ਦਾਖਲ ਹੋਣ ਦੀ ਕੌਸ਼ਿਸ਼ ਕਰ ਰਿਹਾ ਸੀ। ਉਨਾ ਜਜਬਾਤੀ ਪੱਤਾ ਖੇਡਦਿਆਂ ਜੂਨ 84 ਅਤੇ ਨਵੰਬਰ 84 ਦੇ ਘੱਲੂਘਾਰਿਆਂ ਦਾ ਜਿਕਰ ਕਰਨ ਉਪਰੰਤ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਦਿਆਂ,
ਕਾਂਗਰਸ ਅਤੇ ਗਰਮ ਖਿਆਲੀਆਂ ਨੂੰ ਘੇਰਦਿਆਂ ਆਖਿਆ ਕਿ ਉਕਤ ਸ਼ਕਤੀਆਂ ਪੰਜਾਬ ਦੀ ਅਮਨਸ਼ਾਂਤੀ ਨੂੰ ਮੁੜ ਅੱਗ ਲਾਉਣ ਲਈ ਯਤਨਸ਼ੀਲ ਹਨ। ਇਥੇ ਇਹ ਦੱਸਣਾ ਜਰੂਰੀ ਹੈ ਕਿ ਪੱਤਰਕਾਰਾਂ ਅਤੇ ਬਾਦਲ ਦਲ ਦੇ ਸੀਨੀਅਰ ਆਗੂਆਂ ਸਮੇਤ ਕੋਈ ਇਕ ਵੀ ਵਿਅਕਤੀ ਮੈਟਲ ਡਿਕਟੇਟਰਾਂ ਰਾਂਹੀ ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤ ਚੈਕਿੰਗ ਤੋਂ ਬਿਨ੍ਹਾਂ ਰੈਲੀ ਵਾਲੇ ਸਥਾਨ 'ਚ ਦਾਖਲ ਨਹੀਂ ਸੀ ਹੋ ਸਕਦਾ।
ਸਟੇਜ ਤੋਂ ਪੱਤਰਕਾਰਾਂ ਨੂੰ ਵੀ ਬਹੁਤ ਦੂਰ ਰੱਖਿਆ ਗਿਆ ਪਰ ਫਿਰ ਵੀ ਟੀਵੀ ਚੈਨਲਾਂ ਦੇ ਹੋ ਰਹੇ ਸਿੱਧੇ ਪ੍ਰਸਾਰਣ ਦੇ ਬਾਵਜੂਦ ਸ੍ਰ ਬਾਦਲ ਦਾ ਜਜਬਾਤੀ ਪੱਤਾ ਪਤਾ ਨਹੀਂ ਕਿਸ ਦਿਸ਼ਾ ਵੱਲ ਜਾਵੇਗਾ। ਸੰਪਰਕ ਕਰਨ 'ਤੇ ਜਿਲਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਪਿਸਤੌਲ ਵਾਲੇ ਅਜਿਹੇ ਕਿਸੇ ਵੀ ਸ਼ਖਸ਼ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਕਰਦਿਆਂ ਆਖਿਆ ਕਿ ਸ਼ਾਇਦ ਬਾਦਲ ਸਾਹਿਬ ਨੂੰ ਕੋਈ ਭੁਲੇਖਾ ਪਿਆ ਹੋ ਸਕਦਾ ਹੈ।