
ਅਪਣੇ ਬਲਬੂਤੇ ਹਿੰਮਤ, ਮਿਹਨਤ ਅਤੇ ਦਲੇਰੀ ਕਰਕੇ ਕੁੱਝ ਕੁ ਔਰਤਾਂ ਤਰੱਕੀ ਕਰ ਗਈਆਂ ਹਨ, ਪਰ ਉਹ ਔਰਤਾਂ ਵੀ ਜ਼ਮਾਨੇ ਨੂੰ ਚੁਬਦੀਆਂ ਹਨ।
ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਸਿੰਘ ਢਿੱਲੋਂ): ਭਾਵੇਂ ਹੁਣ ਤਕ ਬਣੀਆਂ ਸਾਰੀਆਂ ਹੀ ਸਰਕਾਰਾਂ ਨੇ ਗੱਲਾਂ ਤਾਂ ਔਰਤਾਂ ਨੂੰ ਬਰਾਬਰਤਾ ਦਾ ਹੱਕ ਦਿਵਾਉਣ ਲਈ ਬਥੇਰੀਆਂ ਕੀਤੀਆਂ ਹਨ ਪਰ ਆਜ਼ਾਦੀ ਦੇ ਸੱਤ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤਕ ਔਰਤਾਂ ਨੂੰ ਬਰਾਬਰਤਾ ਦੇ ਹੱਕ ਕਿਧਰੇ ਨਹੀ ਮਿਲੇ। ਅਪਣੇ ਬਲਬੂਤੇ ਹਿੰਮਤ, ਮਿਹਨਤ ਅਤੇ ਦਲੇਰੀ ਕਰਕੇ ਕੁੱਝ ਕੁ ਔਰਤਾਂ ਤਰੱਕੀ ਕਰ ਗਈਆਂ ਹਨ,
ਪਰ ਉਹ ਔਰਤਾਂ ਵੀ ਜ਼ਮਾਨੇ ਨੂੰ ਚੁਬਦੀਆਂ ਹਨ। ਅਨੇਕਾਂ ਔਰਤਾਂ ਅੱਜ ਵੀ ਡਰੀਆਂ-ਡਰੀਆਂ ਤੇ ਸਹਿਮੀਆਂ-ਸਹਿਮੀਆਂ ਦਿਖਾਈ ਦੇ ਰਹੀਆਂ ਹਨ। ਬਹੁਤੀਆਂ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹਨ ਤੇ ਉਨ੍ਹਾਂ 'ਤੇ ਜ਼ੁਲਮ ਹੋ ਰਹੇ ਹਨ। ਸਰਕਾਰਾਂ, ਕਾਨੂੰਨ, ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਕੋਲੋ ਵੀ ਉਨ੍ਹਾਂ ਨੂੰ ਨਿਆਂ ਨਹੀਂ ਮਿਲਦਾ। ਪੁਲਿਸ ਅਤੇ ਅਦਾਲਤਾਂ ਕੋਲ ਸੈਂਕੜੇ ਔਰਤਾਂ ਨੇ ਅਪਣੇ ਨਾਲ ਹੋਈ ਬੇਇਨਸਾਫ਼ੀ ਦਾ ਨਿਆਂ ਲੈਣ ਲਈ ਅਰਜੀਆਂ ਦਿਤੀਆਂ ਹੋਈਆਂ ਹਨ। ਦਰ-ਦਰ ਭਟਕਦੀਆਂ ਕਈ ਔਰਤਾਂ ਨੂੰ ਕਿਧਰੋਂ ਵੀ ਨਿਆਂ ਨਹੀਂ ਮਿਲਦਾ ਤੇ ਉਲਟਾ ਉਨ੍ਹਾਂ 'ਤੇ ਜ਼ੁਲਮ ਹੀ ਹੋਇਆ ਹੈ।
ਮੈਂਬਰੀ, ਸਰਪੰਚੀ ਦੀਆਂ ਹੇਠਲੀ ਪੱਧਰ ਦੀਆਂ ਚੋਣਾਂ ਤੋਂ ਲੈ ਕੇ ਉਪਰ ਤਕ ਭਾਵੇਂ ਕਈ ਚੋਣਾਂ ਔਰਤਾਂ ਨੂੰ ਲੜਾਈਆਂ ਜਾਦੀਆਂ ਹਨ, ਪਰ ਬਹੁਤੀਆਂ ਔਰਤਾਂ 'ਤੇ ਉਨ੍ਹਾਂ ਦੇ ਪਤੀ ਜਾਂ ਹੋਰ ਪਰਵਾਕਿ ਮੈਂਬਰ ਹੀ ਕਾਬਜ ਹੁੰਦੇ ਹਨ ਤੇ ਉਨ੍ਹਾਂ ਦੀ ਅਪਣੀ ਕੋਈ ਸ਼ਕਤੀ ਹੀ ਨਹੀਂ ਹੁੰਦੀ। ਆਖਰ ਔਰਤਾਂ ਨੂੰ ਸਮਾਜ ਵਿਚ ਬਰਾਬਰਤਾ ਦੇ ਹੱਕ ਕਦੋਂ ਮਿਲਣਗੇ। ਔਰਤਾਂ ਪੜ੍ਹ-ਲਿਖ ਗਈਆਂ ਹਨ, ਵੱਡੇ ਅਹੁਦਿਆਂ 'ਤੇ ਤਾਇਨਾਤ ਹਨ
ਪਰ ਕਿਤੇ ਨਾ ਕਿਤੇ ਉਨ੍ਹਾਂ ਦਾ ਦਮ ਘੁੱਟਿਆ ਜਾ ਰਿਹਾ ਹੈ। ਇਸੇ ਵਿਸ਼ੇ ਨੂੰ ਮੁੱਖ ਰੱਖ ਕੇ ਸਮਾਜ ਵਿਚ ਵਿਚਰ ਰਹੀਆਂ ਕੁਝ ਉਹਨਾਂ ਔਰਤਾਂ ਨਾਲ ਗੱਲਬਾਤ ਕੀਤੀ ਗਈ ਹੈ, ਜੋ ਸਮਾਜ ਸੇਵਾ ਦੀ ਭਾਵਨਾ ਵਾਲੀਆਂ ਹਨ ਤੇ ਉਨ੍ਹਾਂ ਔਰਤਾਂ ਲਈ ਕੁੱਝ ਕਰਨਾ ਲੋਚਦੀਆਂ ਹਨ ਜੋ ਜੁਲਮਾਂ ਦਾ ਸ਼ਿਕਾਰ ਹਨ ਤੇ ਬੜੀ ਮਾੜੀ ਜਿੰਦਗੀ ਜਿਉਂ ਰਹੀਆਂ ਹਨ।
ਔਰਤਾਂ ਖ਼ੁਦ ਹੋਣ ਜਾਗਰੂਕ ਤੇ ਆਪਣੇ-ਆਪ ਨੂੰ ਬਣਾਉਣ ਮਜ਼ਬੂਤ : ਹਰਗੋਬਿੰਦ ਕੌਰ
ਔਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਦੀ ਚੇਅਰਪਰਸਨ ਹਰਗੋਬਿੰਦ ਕੌਰ ਸਰਾਂ ਚੱਕ ਕਾਲਾ ਸਿੰਘ ਵਾਲਾ ਜੋ ਔਰਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਜੇਲ੍ਹਾਂ-ਠਾਣਿਆਂ ਤਕ ਵੀ ਜਾ ਆਏ ਹਨ ਤੇ ਸਿਆਸੀ ਆਗੂਆਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਭਿੜਦੇ ਹਨ ਦਾ ਕਹਿਣਾ ਹੈ ਕਿ ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਮਰਦ ਪ੍ਰਧਾਨ ਸਮਾਜ ਇਹ ਚਾਹੁੰਦਾ ਹੀ ਨਹੀਂ ਕਿ ਔਰਤਾਂ ਨੂੰ ਬਰਾਬਰਤਾ ਦੇ ਹੱਕ ਮਿਲਣ ਜਾਂ ਉਹ ਅੱਗੇ ਵੱਧਣ। ਦੂਜਾ ਸਾਡੀਆਂ ਸਰਕਾਰਾਂ ਵੀ ਔਰਤਾਂ ਦੇ ਮਾਨ-ਸਨਮਾਨ ਲਈ ਕੁੱਝ ਨਹੀ ਕਰ ਰਹੀਆਂ। ਘਰੇਲੂ ਹਿੰਸਾ ਦਾ ਸ਼ਿਕਾਰ ਅਨਪੜ੍ਹ ਔਰਤਾਂ ਵੀ ਹਨ
Hargobind Kaur
ਤੇ ਪੜ੍ਹੀਆਂ-ਲਿਖੀਆਂ ਔਰਤਾਂ ਵੀ। ਔਰਤਾਂ ਨੂੰ ਕੁੱਟਿਆ-ਮਾਰਿਆ ਜਾਂਦਾ। ਥਾਂ-ਥਾਂ 'ਤੇ ਵਿਤਕਰਾ ਕੀਤਾ ਜਾ ਰਿਹਾ। ਜ਼ਿਆਦਾ ਔਰਤਾਂ ਚੁੱਪ-ਚਾਪ ਜ਼ੁਲਮ ਸਹਿ ਰਹੀਆਂ ਹਨ ਤੇ ਬੋਲਦੀਆਂ ਨਹੀ। ਜਦਕਿ ਅੱਜ ਸਮੇਂ ਦੀ ਲੋੜ ਹੈ ਕਿ ਉਹ ਖ਼ੁਦ ਜਾਗਰੂਕ ਹੋਣ। ਅਪਣੇ-ਆਪ ਨੂੰ ਮਜ਼ਬੂਤ ਕਰਨ। ਫੇਰ ਹੀ ਉਹ ਸਮਾਜ ਨਾਲ ਟੱਕਰ ਲੈ ਸਕਦੀਆਂ ਹਨ ਤੇ ਬਰਾਬਰ ਦੇ ਹੱਕ ਤੇ ਮਾਨ-ਸਨਮਾਨ ਹਾਸਲ ਕਰਨ ਵਿਚ ਕਾਮਯਾਬ ਹੋ ਸਕਦੀਆਂ ਹਨ।
ਔਰਤਾਂ ਨਾ ਘਰਾਂ ਵਿਚ ਸੁਰਖਿਅਤ ਹਨ ਤੇ ਨਾ ਬਾਹਰ : ਅੰਮ੍ਰਿਤਾ ਸਰਾਂ
ਬਾਬਾ ਫ਼ਰੀਦ ਕਾਲਜ ਦਿਉਣ ਵਿਖੇ ਸੋਸ਼ਲ ਵੈਲਫ਼ੇਅਰ ਵਿਭਾਗ ਵਿਚ ਸੇਵਾਵਾਂ ਨਿਭਾ ਰਹੀ ਅੰਮ੍ਰਿਤਾ ਸਰਾਂ ਜੋ ਲੇਖਕ, ਆਲੋਚਕ ਅਤੇ ਵਧੀਆ ਬੁਲਾਰੇ ਵੀ ਹਨ ਨੇ ਕਿਹਾ ਕਿ ਔਰਤਾਂ ਅੱਜ ਕਲ ਨਾ ਤਾਂ ਘਰਾਂ ਵਿਚ ਸੁਰੱਖਿਅਤ ਹਨ ਤੇ ਨਾ ਹੀ ਬਾਹਰ। ਹਰ ਥਾਂ ਛੇੜਛਾੜ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇੱਥੋਂ ਤਕ ਕਿ ਨਿੱਕੀਆਂ ਬੱਚੀਆਂ ਨੂੰ ਵੀ ਦਰਿੰਦਿਆਂ ਨੇ ਅਪਣਾ ਸ਼ਿਕਾਰ ਬਣਾਇਆ।
Amrita Srah
ਸਰਕਾਰ ਤੇ ਕਾਨੂੰਨ ਦਾ ਡੰਡਾ ਢਿੱਲਾ ਹੋਣ ਕਰ ਕੇ ਔਰਤਾ ਲਈ ਬਾਹਰ-ਅੰਦਰ ਜਾਣਾ ਬੜਾ ਔਖਾ ਹੋਇਆ ਪਿਆ। ਉਨ੍ਹਾਂ ਕਿਹਾ ਕਿ ਔਰਤ ਜੱਗ ਜਨਣੀ ਹੈ ਤੇ ਇਸਦਾ ਸਤਿਕਾਰ ਹੋਣਾ ਚਾਹੀਦਾ। ਹਰ ਤਰੱਕੀ ਕਰਨ ਵਾਲੇ ਮਰਦ ਪਿੱਛੇ ਔਰਤਾਂ ਦਾ ਵੱਡਾ ਹੱਥ ਹੈ। ਪਰ ਅੱਜ ਬਹੁਤੀਆਂ ਔਰਤਾਂ ਨੂੰ ਰੋਲਿਆ ਜਾ ਰਿਹਾ ਹੈ। ਜਦ ਕਿ ਲੋੜ ਹੈ ਸਮਾਜ ਵਿਚ ਦੱਬੀਆਂ-ਕੁਚਲੀਆਂ ਔਰਤਾਂ ਦਾ ਜੀਵਨ ਪੱਧਰ ਉਚਾ ਕਰਨ ਦੀ।
ਔਰਤਾਂ ਨੂੰ ਕੁਝ ਬਣਨ ਦੇ ਦਿਤੇ ਜਾਣ ਮੌਕੇ : ਡਾ. ਮਨਜੀਤ ਕੌਰ ਗਿੱਲ
ਜੇ.ਡੀ. ਕਾਲਜ ਆਫ਼ ਐਜ਼ੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਿੰਸੀਪਲ ਡਾ. ਮਨਜੀਤ ਕੌਰ ਗਿੱਲ ਜੋ ਔਰਤਾਂ ਨੂੰ ਅੱਗੇ ਵੱਧਣ ਦੇ ਮੌਕੇ ਦਿਵਾਉਣ ਦੇ ਇਛੁੱਕ ਹਨ ਦਾ ਕਹਿਣਾ ਹੈ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਚਾਹੀਦਾ ਕਿ ਉਹ ਪੁੱਤਾਂ ਦੇ ਬਰਾਬਰ ਧੀਆਂ ਨੂੰ ਪੜ੍ਹਾਉਣ ਅਤੇ ਅੱਗੇ ਵੱਧਣ ਦੇ ਮੌਕੇ ਦੇ ਕੇ ਉਨ੍ਹਾਂ ਨੂੰ ਕੁੱਝ ਬਨਾਉਣ। ਕਿਉਂਕਿ ਜੇਕਰ ਲੜਕੀ ਪੜ੍ਹ ਲਿਖ ਕੇ ਤਰੱਕੀ ਕਰ ਜਾਵੇ
Manjeet Kaur
ਤਾਂ ਉਹ ਅਪਣੇ ਘਰ ਅਤੇ ਪੂਰੇ ਸਮਾਜ ਨੂੰ ਬਦਲ ਕੇ ਰੱਖ ਦਿੰਦੀ ਹੈ। ਜ਼ੁਲਮ ਕਰਨ ਦੀ ਥਾਂ ਔਰਤਾਂ ਦਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕਲ ਬੱਚਿਆਂ ਨੂੰ ਪੜ੍ਹਾਉਣ ਲਈ ਸੱਭ ਤੋਂ ਵੱਡਾ ਯੋਗਦਾਨ ਔਰਤਾਂ ਦਾ ਹੈ। ਸਾਰਾ ਕੰਮ-ਧੰਦਾ ਘਰਾਂ ਵਿਚ ਔਰਤਾਂ ਕਰਦੀਆਂ ਹਨ, ਮਰਦਾਂ ਦੇ ਬਰਾਬਰ ਕਮਾਉਦੀਆਂ ਹਨ। ਪਰ ਫਿਰ ਵੀ ਉਹਨਾਂ ਨੂੰ ਬਰਾਬਰਤਾ ਦਾ ਹੱਕ ਨਾ ਮਿਲਣਾ ਸੱਭ ਤੋਂ ਵੱਡੀ ਬੇ-ਇਨਸਾਫ਼ੀ ਹੈ।