
ਬਹਿਬਲ ਗੋਲੀਕਾਂਡ : ਪੀੜਤ ਪਰਵਾਰ ਬਾਦਲ-ਕੈਪਟਨ ਸਮੇਤ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਤੋਂ ਵੀ ਨਿਰਾਸ਼!
ਮ੍ਰਿਤਕ ਨੌਜਵਾਨ ਦੇ ਮਾਪਿਆਂ ਵਲੋਂ ਜਾਨ ਨੂੰ ਖ਼ਤਰੇ ਦਾ ਪ੍ਰਗਟਾਇਆ ਗਿਆ ਖਦਸ਼ਾ
ਕੋਟਕਪੂਰਾ, 15 ਸਤੰਬਰ (ਗੁਰਿੰਦਰ ਸਿੰਘ) : ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਬਹਿਬਲ ਕਲਾਂ ਵਿਖੇ ਇਨਸਾਫ਼ ਦੀ ਮੰਗ ਲਈ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੌਰਾਨ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਤੇ ਅਨੇਕਾਂ ਨੂੰ ਜ਼ਖ਼ਮੀ ਕਰ ਦੇਣ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੀੜਤ ਪਰਵਾਰ ਅੱਜ ਵੀ ਜਲੀਲ ਹੋ ਰਹੇ ਹਨ। ਲਗਭਗ 5 ਸਾਲ ਸੰਤਾਪ ਹੰਢਾਉਣ ਤੋਂ ਬਾਅਦ ਪੀੜਤ ਪਰਵਾਰਾਂ ਦਾ ਅਕਾਲੀ-ਭਾਜਪਾ ਗਠਜੋੜ ਦੇ ਨਾਲ-ਨਾਲ ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰ ਸਿਆਸਤਦਾਨਾਂ ਸਮੇਤ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਤੋਂ ਵੀ ਵਿਸ਼ਵਾਸ ਉੱਠ ਚੁੱਕਾ ਹੈ।
ਨਿਰਾਸ਼ਾ ਦੇ ਦੌਰ 'ਚ ਹੰਝੂਆਂ ਭਰੀਆਂ ਅੱਖਾਂ ਨਾਲ ਗੱਲਬਾਤ ਕਰਦਿਆਂ ਪੀੜਤ ਪਰਵਾਰਾਂ ਨੇ ਦਾਅਵਾ ਕੀਤਾ ਕਿ ਸਿਆਸਤਦਾਨਾਂ ਨੇ ਤਾਂ ਸ਼ਹੀਦਾਂ ਦੀ ਨਾਂ 'ਤੇ ਸਿਆਸੀ ਰੋਟੀਆਂ ਸੇਕਣੀਆਂ ਹੀ ਸਨ ਬਲਕਿ ਕੁਝ ਪੰਥਕ ਅਖਵਾਉਣ ਵਾਲੀਆਂ ਸ਼ਖ਼ਸੀਅਤਾਂ ਨੇ ਵੀ ਉਨਾਂ ਨੂੰ ਇਨਸਾਫ਼ ਦਿਵਾਉਣ ਦੀ ਜ਼ਰੂਰਤ ਹੀ ਨਹੀਂ ਸਮਝੀ। ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਰਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਵੀ ਹੈਰਾਨੀ ਹੈ ਕਿ ਬਾਦਲਾਂ ਨੇ ਸੱਤਾ 'ਚ ਹੁੰਦਿਆਂ ਵੀ ਸਾਨੂੰ ਇਨਸਾਫ਼ ਨਹੀਂ ਲੈਣ ਦਿਤਾ ਤੇ ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਹੋਰ ਵਿਸ਼ੇਸ਼ ਜਾਂਚ ਟੀਮਾਂ ਨੇ ਸਾਰੀ ਤਸਵੀਰ ਸ਼ਪੱਸ਼ਟ ਕਰ ਦਿਤੀ ਹੈ ਤਾਂ ਬਾਦਲਾਂ ਵਲੋਂ ਜਾਂਚ image'ਚ ਅੜਿੱਕੇ ਪਤਾ ਨਹੀਂ ਕਿਉਂ ਪਾਏ ਜਾ ਰਹੇ ਹਨ?