
ਕਿਸਾਨੀ ਸੰਕਟ ਬਾਰੇ ਤਾਂ ਤੁਹਾਨੂੰ ਬੋਲਣ ਦਾ ਨੈਤਿਕ ਹੱਕ ਵੀ ਨਹੀਂ, ਤੁਸੀਂ ਸੰਕਟ ਨੂੰ ਸ਼ੁਰੂਆਤ ਵਿਚ ਹੀ ਸੌਖਿਆਂ ਟਾਲ ਸਕਦੇ ਸੀ
ਚੰਡੀਗੜ੍ਹ, 15 ਸਤੰਬਰ (ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਹਰਸਿਰਤ ਕੌਰ ਬਾਦਲ ਦੇ ਕਿਸਾਨਾਂ ਨੂੰ ਪੰਜਾਬ ਵਿਚ ਹੀ ਪ੍ਰਦਰਸ਼ਨ ਕਰਨ ਬਾਰੇ ਦਿਤੇ ਬਿਆਨ 'ਤੇ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਅਕਾਲੀ ਨੇਤਾ ਖ਼ਾਸ ਕਰ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਖੇਤੀ ਕਾਨੂੰਨਾਂ ਨਾਲ ਪੈਦਾ ਹੋਏ ਸੰਕਟ 'ਤੇ ਬੋਲਣ ਦਾ ਨੈਤਿਕ ਹੱਕ ਨਹੀਂ ਹੈ ਕਿਉਂਕਿ ਉਹ ਇਸ ਸੰਕਟ ਨੂੰ ਸੌਖਿਆਂ ਹੀ ਟਾਲ ਸਕਦੇ ਸਨ, ਜਦੋਂ ਉਹ ਕੇਂਦਰ ਸਰਕਾਰ ਵਿਚ ਭਾਈਵਾਲ ਅਤੇ ਇਸ ਦੇ ਹਰ ਲੋਕ ਵਿਰੋਧੀ ਫ਼ੈਸਲੇ ਵਿਚ ਧਿਰ ਹੁੰਦੇ ਸਨ |
ਮੁੱਖ ਮੰਤਰੀ ਨੇ ਪੰਜਾਬ ਵਿਚ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨਾਲ ਸੂਬੇ ਦੇ ਅਰਥਚਾਰੇ 'ਤੇ ਪੈਣ ਵਾਲੇ ਅਸਰ ਬਾਰੇ ਦਿਤੇ ਬਿਆਨ ਦੇ ਸੰਦਰਭ 'ਚ ਹਰਸਿਮਰਤ ਬਾਦਲ ਵਲੋਂ ਗ਼ੈਰ-ਜ਼ਿੰਮੇਵਾਰੀ ਵਾਲੇ ਦਾਅਵੇ ਕਰਨ ਅਤੇ ਉਨ੍ਹਾਂ ਵਿਰੁਧ ਨਿਰਆਧਾਰ ਦੋਸ਼ ਲਾਉਣ 'ਤੇ ਤਿੱਖਾ ਪਲਟਵਾਰ ਕਰਦਿਆਂ ਅਕਾਲੀ ਨੇਤਾ ਦੇ ਸਿਆਸੀ ਤੌਰ 'ਤੇ ਪ੍ਰੇਰਤ ਵਿਚਾਰਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਦੀ ਇਹ ਬਿਆਨਬਾਜ਼ੀ ਸੰਕਟ ਨੂੰ ਰੋਕਣ ਵਿਚ ਉਸ ਦੀ ਪਾਰਟੀ ਅਤੇ ਖ਼ੁਦ ਦੀ ਨਾਕਾਮੀ 'ਤੇ ਪਰਦਾ ਪਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ ਜਦਕਿ ਇਹ ਕੰਡੇ ਉਨ੍ਹਾਂ ਨੇ ਆਪ ਹੀ ਬੀਜੇ ਹੋਏ ਹਨ |
ਸਾਬਕਾ ਕੇਂਦਰੀ ਮੰਤਰੀ ਵਲੋਂ ਉਨ੍ਹਾਂ ਉਪਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਦੀ ਬੋਲੀ ਬੋਲਣ ਦੇ ਲਾਏ ਦੋਸ਼ਾਂ ਦਾ ਮਖੌਲ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਗੁਆਂਢੀ ਸੂਬੇ ਹਰਿਆਣੇ ਵਿਚ ਸੱਤਾਧਾਰੀ ਪਾਰਟੀ ਉਤੇ
ਛੱਡ ਦਿਤਾ ਹੁੰਦਾ ਤਾਂ ਕਿਸਾਨ ਅਪਣੀ ਆਵਾਜ਼ ਸੁਣਾਉਣ ਲਈ ਦਿੱਲੀ ਦੀਆਂ ਸਰਹੱਦਾਂ ਤਕ ਵੀ ਨਾ ਪਹੁੰਚਦੇ | ਉਨ੍ਹਾਂ ਕਿਹਾ,''ਮੈਂ ਕਦੇ ਵੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਨਹੀਂ ਆਖਿਆ | ਤੁਹਾਡੀ ਗਠਜੋੜ ਸਰਕਾਰ ਦੀਆਂ ਮਾਰੂ ਕਦਮਾਂ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਮਜਬੂਰਨ ਅਪਣੇ ਘਰ-ਬਾਰ ਛੱਡ ਕੇ ਕੌਮੀ ਰਾਜਧਾਨੀ ਦੀ ਸਰਹੱਦ 'ਤੇ ਬੈਠਣਾ ਪਿਆ ਜਿਥੇ ਉਨ੍ਹਾਂ ਨੂੰ ਕਈ ਅਨਸਰਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਜਾਨਾਂ ਵੀ ਗੁਆਉਣੀਆਂ ਪਈਆਂ |'' ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੂੰ ਕਿਸਾਨਾਂ 'ਤੇ ਖੇਤੀ ਕਾਨੂੰਨ ਥੋਪਣ 'ਚ ਅਪਣੀ ਮਿਲੀਭੁਗਤ ਬਾਰੇ ਝੂਠ ਬੋਲਣ ਤੋਂ ਗੁਰੇਜ਼ ਕਰਨ ਲਈ ਕਿਹਾ ਜੋ ਕਾਨੂੰਨ ਸਿਰਫ ਪੰਜਾਬ ਲਈ ਨਹੀਂ ਸਗੋਂ ਸਮੁੱਚੇ ਮੁਲਕ ਲਈ ਹਨ |
ਹਰਸਿਮਰਤ ਬਾਦਲ ਵੱਲੋਂ ਕਿਸਾਨਾਂ ਨੂੰ ਇਹ ਸੁਝਾਅ ਦੇਣ ਕਿ ਉਨ੍ਹਾਂ ਨੂੰ ਪੰਜਾਬ 'ਚ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਜਦਕਿ ਉਨ੍ਹਾਂ ਦੀ ਲੜਾਈ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਰੁਧ ਹੈ, ਮੁੱਖ ਮੰਤਰੀ ਨੇ ਫ਼ਿਕਰਾ ਕਸਦਿਆਂ ਕਿਹਾ,''ਇਹ ਤਾਂ ਉਹ ਗੱਲ ਹੋਈ ਕਿ ਕਿਸੇ ਨੂੰ ਦੁਸ਼ਮਣ ਵਿਰੁਧ ਲੜਣ ਲਈ ਪਛਮੀ ਫ਼ਰੰਟ 'ਤੇ ਜਾਣ ਲਈ ਕਿਹਾ ਜਾਵੇ ਜਦਕਿ ਦੁਸ਼ਮਣ ਖੜਾ ਪੂਰਬੀ ਬਾਰਡਰ 'ਤੇ ਹੈ |'' ਉਨ੍ਹਾਂ ਕਿਹਾ ਕਿ ਇਸ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ ਕਿ ਅਕਾਲੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਿਸਾਨਾਂ ਦਾ ਧਿਆਨ ਕੇਂਦਰ ਤੋਂ ਸੂਬੇ ਵਲ ਮੋੜਨਾ ਚਾਹੁੰਦੇ ਹਨ ਅਤੇ ਇਸ ਨਾਲ ਉਹ ਸੂਬੇ ਤੇ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਅਣਜਾਣ ਹਨ |
ਹਰਸਿਮਰਤ ਬਾਦਲ ਵਲੋਂ ਲਾਏ ਦੋਸ਼ਾਂ ਕਿ ਉਹ ਲੋਕਾਂ ਪ੍ਰਤੀ ਅਪਣੀਆਂ ਜ਼ਿੰਮੇਵਾਰੀਆਂ ਵਿਚ ਅਸਫ਼ਲ ਰਹੇ ਹਨ, ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਚੱਲ ਰਹੇ ਪ੍ਰਦਰਸ਼ਨਾਂ ਕਰ ਕੇ ਬਹੁਤ ਜਣੇ ਪਹਿਲਾਂ ਹੀ ਅਪਣੀਆਂ ਨੌਕਰੀਆਂ ਗੁਆ ਚੁਕੇ ਹਨ ਅਤੇ ਕਈਆਂ ਦੀ ਨੌਕਰੀ ਖੁੱਸਣ ਦੀ ਸੰਭਾਵਨਾ ਹੈ | ਇਥੋਂ ਤਕ ਕਿ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਫਿਕੀ ਵਲੋਂ ਚਿਤਾਵਨੀ ਦਿਤੀ ਗਈ ਹੈ ਕਿ ਨਿਰੰਤਰ ਪ੍ਰਦਰਸ਼ਨਾਂ ਦਾ ਪੰਜਾਬ ਦੇ ਉਦਯੋਗਾਂ ਅਤੇ ਵਣਜ 'ਤੇ ਲੰਮੇ ਸਮੇਂ ਲਈ ਮਾੜੇ ਪ੍ਰਭਾਵ ਪੈਣਗੇ | ਉਨ੍ਹਾਂ ਹਰਸਿਮਰਤ ਬਾਦਲ ਨੂੰ ਪੁਛਿਆ,''ਕੀ ਤੁਸੀਂ ਇਹ ਕਹਿ ਰਹੇ ਹੋ, ਬਤੌਰ ਮੁੱਖ ਮੰਤਰੀ ਮੇਰੀ ਇਨ੍ਹਾਂ ਲੋਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ |''
ਉਨ੍ਹਾਂ ਕਿਹਾ, ''ਜਦੋਂ ਕਿ ਤੁਸੀਂ ਇਥੇ ਹੀ ਹੋ, ਤੁਸੀਂ ਇਹ ਕਿਉਂ ਨਹੀਂ ਪਤਾ ਲਾਉਂਦੇ ਕਿ ਮੇਰੀ ਸਰਕਾਰ ਦੇ ਕਿੰਨੇ ਨੁਮਾਇੰਦੇ ਕਈ ਮੌਕਿਆਂ ਉਤੇ ਕਿਸਾਨਾਂ ਨੂੰ ਨਿਜੀ ਤੌਰ 'ਤੇ ਮਿਲਣ ਲਈ ਪਹੁੰਚੇ ਹਨ |'' ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਇਸ ਮੁੱਦੇ ਉਤੇ ਕਈ ਮੀਟਿੰਗਾਂ ਕੀਤੀਆਂ ਹਨ ਪਰ ਕਿਸਾਨਾਂ ਦੀ ਉਸ ਇੱਛਾ ਦਾ ਸਤਕਾਰ ਕੀਤਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਲੀਡਰ ਇਸ ਮਾਮਲੇ ਵਿਚ ਦਖ਼ਲ ਨਾ ਦੇਵੇ | ਉਨ੍ਹਾਂ ਟਿੱਪਣੀ ਕਰਦਿਆਂ ਕਿਹਾ,''ਪਰ ਤੁਸੀਂ ਅਤੇ ਤੁਹਾਡੀ ਪਾਰਟੀ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਇਛਾਵਾਂ ਨੂੰ ਨਹੀਂ ਸਮਝੋਗੇ, ਜ਼ਾਹਰ ਹੈ ਕਿ ਅਜਿਹੀਆਂ ਗੱਲਾਂ ਤੁਹਾਡੀ ਸੁਆਰਥੀ ਸਮਝ ਤੋਂ ਬਾਹਰ ਹਨ |''