
ਐਨ.ਸੀ.ਸੀ ਦੇ ਟਰਾਇਲ ਦੌਰਾਨ ਵਿਦਿਆਰਥਣ ਦੀ ਸਿਹਤ ਵਿਗੜੀ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
ਗੜ੍ਹਦੀਵਾਲਾ, 15 ਸਤੰਬਰ (ਹਰਪਾਲ ਸਿੰਘ) : ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਚਲ ਰਹੇ ਐਨ.ਸੀ.ਸੀ ਦੇ ਟ੍ਰਾਇਲ ਸਮੇਂ ਦੌੜ ਲਗਾਉਂਦਿਆਂ ਇਕ ਲੜਕੀ ਸਲੋਨੀ (19 ਸਾਲ) ਪੁੱਤਰੀ ਧਰਮਿੰਦਰ ਸਿੰਘ ਵਾਸੀ ਪਿੰਡ ਕਾਲਰਾ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਐਨ.ਸੀ.ਸੀ. 12 ਬਟਾਲੀਅਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਐਨ.ਸੀ.ਸੀ. ਦੇ ਟ੍ਰਾਇਲ ਚਲ ਰਹੇ ਸਨ | ਇਸ ਟ੍ਰਾਇਲ ਦੌਰਾਨ ਦੌੜ 'ਚ ਭਾਗ ਲੈਂਦਿਆਂ ਇਕ ਬੀ.ਐਸ.ਸੀ. ਤੀਜਾ ਸਮੈਸਟਰ ਦੀ ਵਿਦਿਆਰਥਣ ਸਲੋਨੀ ਅਚਾਨਕ ਡਿੱਗ ਪਈ | ਮੌਕੇ ਤੇ ਪ੍ਰਬੰਧਕਾਂ ਅਤੇ ਕਾਲਜ ਸਟਾਫ਼ ਵਲੋਂ ਤੁਰਤ ਉਸ ਵਿਦਿਆਰਥਣ ਨੂੰ ਗੜ੍ਹਦੀਵਾਲਾ ਦੇ ਨਿੱਜੀ ਹਸਪਤਾਲ ਦੇ ਡਾਕਟਰ ਕੋਲ ਲਿਜਾਇਆ ਗਿਆ | ਜਿਥੇ ਲੜਕੀ ਦੀ ਹਾਲਤ ਨਾਜੁਕ ਵੇਖਦਿਆਂ ਸਥਾਨਕ ਡਾਕਟਰ ਵਲੋਂ ਉਸ ਨੂੰ ਰੈਫ਼ਰ ਕਰ ਦਿਤਾ ਗਿਆ ਉਪਰੰਤ ਪ੍ਰਬੰਧਕਾਂ ਵਲੋਂ ਉਸ ਨੂੰ ਦਸੂਹਾ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ | ਜਿਥੇ ਡਾਕਟਰਾਂ ਨੇ ਉਸ ਦੀ ਜਾਂਚ ਕਰਨ ਉਪਰੰਤ ਨੂੰ ਮਿ੍ਤਕ ਐਲਾਨ ਦਿਤਾ | ਇਸ ਮੌਕੇ ਥਾਣਾ ਮੁਖੀ ਗੜ੍ਹਦੀਵਾਲਾ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਨੇ ਦਸਿਆ ਕਿ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਐਨ.ਸੀ.ਸੀ ਦੇ ਟਰੈਲ ਚਲਦੇ ਦੌਰਾਨ ਕਾਲਜ ਦੀ ਵਿਦਿਆਰਥਣ ਸਲੋਨੀ ਦੌੜਨ ਦੌਰਾਨ ਡਿੱਗ ਪਈ ਅਤੇ ਉਸ ਨੂੰ ਕਾਲਜ ਪ੍ਰਬੰਧਕਾਂ ਅਤੇ ਸਟਾਫ਼ ਵਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਲਿਆਂਦਾ ਗਿਆ ਅਤੇ ਡਾਕਟਰੀ ਜਾਂਚ ਉਪਰੰਤ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ | ਇਸ ਮੌਕੇ ਕਾਲਜ ਪਿ੍ੰਸੀਪਲ ਨੇ ਕਿਹਾ ਕਿ ਮਿ੍ਤਕਾ ਬੱਚੀ ਦੇ ਪਰਵਾਰ ਨਾਲ ਸਾਨੂੰ ਪੂਰੀ ਹਮਦਰਦੀ ਹੈ ਅਤੇ ਮਿ੍ਤਕ ਵਿਦਿਆਰਥਣ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ ਹੈ |
ਫੋਟੋ- 8sp -15.7