ਕੰਗਨਾ ਰਣੌਤ ਨੇ ਭਿੰਡਰਾਂਵਾਲਿਆਂ ਨੂੰ ਦੱਸਿਆ ਅੱਤਵਾਦੀ
ਚੰਡੀਗੜ੍ਹ: ਵਿਵਾਦਾਂ ’ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਨੌਤ ਨੇ ਇਕ ਵਾਰੀ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਰੁਧ ਵਿਵਾਦਤ ਬਿਆਨ ਦਿਤਾ ਹੈ। ਇਕ ਹਿੰਦੀ ਟੀ.ਵੀ. ਚੈਨਲ ’ਤੇ ਇੰਟਰਵਿਊ ’ਚ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ‘ਅਤਿਵਾਦੀ’ ਦਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ ‘ਐਮਰਜੈਂਸੀ’ ’ਤੇ ਸਿਰਫ਼ ਕੁੱਝ ਲੋਕ ਇਤਰਾਜ਼ ਉਠਾ ਰਹੇ ਹਨ ਅਤੇ ਡਰਾ-ਧਮਕਾ ਰਹੇ ਹਨ।
‘ਐਮਰਜੈਂਸੀ’ ਫ਼ਿਲਮ ’ਤੇ ਰੋਕ ਲੱਗਣ ਬਾਰੇ ਇਕ ਸਵਾਲ ਦੇ ਜਵਾਬ ’ਚ ਕੰਗਨਾ ਨੇ ਕਿਹਾ, ‘‘ਮੇਰੀ ਫ਼ਿਲਮ ’ਚ ਕੋਈ ਚੀਜ਼ ਗ਼ਲਤ ਨਹੀਂ ਵਿਖਾਈ ਗਈ। ਚਾਰ ਇਤਿਹਾਸਕਾਰਾਂ ਨੇ ਕਹਾਣੀ ਨੂੰ ਤਸਦੀਕ ਕੀਤਾ ਹੈ। ਮੇਰੇ ਕੋਲ ਪੂਰੇ ਇਤਿਹਾਸਕ ਦਸਤਾਵੇਜ਼ ਮੌਜੂਦ ਹਨ। ਮੇਰੀ ਫ਼ਿਲਮ ਨੂੰ ਸੈਂਸਰ ਬੋਰਡ ਨੇ ਸਰਟੀਫ਼ੀਕੇਟ ਦਿਤਾ ਹੈ। ਗੱਲ ਸਿਰਫ਼ ਇਕ ਚੀਜ਼ ’ਤੇ ਅੜੀ ਹੋਈ ਹੈ ਕਿ ਕੁੱਝ ਲੋਕ ਹਨ ਜੋ ਕਹਿੰਦੇ ਹਨ ਕਿ ਜੋ ‘ਭਿੰਡਰਨਵਾਲੇ’ ਸੰਤ ਹਨ, ਉਹ ਮਹਾਨ ਕ੍ਰਾਂਤੀਕਾਰੀ ਹਨ। ਉਹ ਇਕ ਲੀਡਰ ਹੈ। ਇਕ ਧਰਮਾਤਮਾ ਹੈ। ਉਨ੍ਹਾਂ ਲੋਕਾਂ ਨੇ ਡਰਾ-ਧਮਕਾ ਕੇ ਇਸ ਫ਼ਿਲਮ ਨੂੰ ਰੁਕਵਾ ਦਿਤਾ।’’
ਦਿਲਚਸਪ ਗੱਲ ਇਹ ਹੈ ਕਿ ਭਾਵੇਂ ਕੰਗਨਾ ਨੇ ਕਿਹਾ ਕਿ ਉਨ੍ਹਾਂ ਨੇ ਫ਼ਿਲਮ ਕਾਫ਼ੀ ਖੋਜਬੀਨ ਕਰ ਕੇ ਬਣਾਈ ਹੈ ਪਰ ਇੰਟਰਵਿਊ ’ਚ ਵੇਖਿਆ ਗਿਆ ਕਿ ਉਨ੍ਹਾਂ ਨੂੰ ਸੰਤ ਭਿੰਡਰਾਂਵਾਲਿਆਂ ਦਾ ਨਾਮ ਵੀ ਠੀਕ ਤਰ੍ਹਾਂ ਨਹੀਂ ਬੋਲਣਾ ਆ ਰਿਹਾ ਸੀ ਅਤੇ ਉਹ ‘ਭਿੰਡਰਨਵਾਲਾ’ ਹੀ ਬੋਲਦੇ ਰਹੇ।
ਉਨ੍ਹਾਂ ਕਿਹਾ, ‘‘ਮੰਦਰ ’ਚ ਏ.ਕੇ. 47 ਨਾਲ ਲੁਕ ਕੇ ਬੈਠਣ ਵਾਲਾ ਸੰਤ ਨਹੀਂ ਹੋ ਸਕਦਾ। ਉਸ ਕੋਲ ਅਜਿਹੇ ਹਥਿਆਰ ਸਨ ਜਿਹੜੇ ਅਮਰੀਕਨ ਆਰਮੀ ਕੋਲ ਹੀ ਹੁੰਦੇ ਸਨ। ਸਿਰਫ਼ ਚੋਣਵੇਂ ਲੋਕਾਂ ਨੂੰ ਮੇਰੀ ਫਿਲਮ ’ਤੇ ਇਤਰਾਜ਼ ਹੈ। ਪੰਜਾਬ ਦੀ 99% ਜਨਤਾ ਭਿੰਡਰਾਂਵਾਲਿਆਂ ਨੂੰ ਸੰਤ ਨਹੀਂ ਮੰਨਦੀ। ਉਹ ਅਤਿਵਾਦੀ ਹੈ। ਜੇਕਰ ਉਹ ਅਤਿਵਾਦੀ ਹੈ ਤਾਂ ਮੇਰੀ ਫ਼ਿਲਮ ਆਉਣੀ ਚਾਹੀਦੀ ਹੈ।’’
ਫ਼ਿਲਮ ’ਤੇ ਇਤਰਾਜ਼ ਉਠਣ ਬਾਰੇ ਕੰਗਨਾ ਨੇ ਕਿਹਾ ਕਿ ਉਸ ਨੂੰ ਪਾਰਟੀਆਂ ਤੋਂ ਇਤਰਾਜ਼ ਉੱਠਣ ਦੀ ਉਮੀਦ ਸੀ ਪਰ ‘ਮੈਨੂੰ ਇਹ ਉਮੀਦ ਨਹੀਂ ਸੀ ਕਿ ‘ਭਿੰਡਰਨਵਾਲੇ’ ਨੂੰ ਅਤਿਵਾਦੀ ਵਿਖਾਉਣ ’ਤੇ ਇਤਰਾਜ਼ ਉਠਾਇਆ ਜਾਵੇਗਾ।’ ਕੰਗਨਾ ਨੇ ਇਹ ਵੀ ਕਿਹਾ, ‘‘ਪੰਜਾਬੀਆਂ ਨੇ ਹੀ ‘ਭਿੰਡਰਨਵਾਲੇ’ ਦਾ ਆਪਰੇਸ਼ਨ ਕੀਤਾ ਸੀ ਅਤੇ ਉਹ ‘ਭਿੰਡਰਨਵਾਲੇ’ ਨੂੰ ਸੰਤ ਨਹੀਂ ਮੰਨਗੇ।’ ਕੰਗਨਾ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਸੈਂਸਰਸ਼ਿਪ ਦੀ ਜੇਕਰ ਕਿਸੇ ਨੂੰ ਜ਼ਰੂਰਤ ਹੈ ਤਾਂ ਉਹ ਓ.ਟੀ.ਟੀ. ਪਲੇਟਫ਼ਾਰਮ ਹੈ।