
ਕਿਸਾਨ ਅੰਦੋਲਨ ਹੋਰ ਤੇਜ਼ ਕਰਨ ਦਾ ਫ਼ੈਸਲਾ
ਪੰਜਾਬ 'ਚ ਭਾਜਪਾ ਦੇ ਕੇਂਦਰੀ ਤੇ ਸਥਾਨਕ ਵੱਡੇ ਨੇਤਾਵਾਂ ਦਾ ਕੀਤਾ ਜਾਵੇਗਾ ਘਿਰਾਉ
ਚੰਡੀਗੜ੍ਹ, 15 ਅਕਤੂਬਰ (ਸੁਰਜੀਤ ਸਿੰਘ ਸੱਤੀ) : ਖੇਤੀ ਸੋਧ ਐਕਟ ਦੇ ਵਿਰੋਧ ਕਾਰਨ ਦਿੱਲੀ ਵਿਖੇ ਸੱਦੀ ਕੇਂਦਰ ਨਾਲ ਮੀਟਿੰਗ ਬੇਸਿੱਟਾ ਰਹਿਣ ਕਾਰਨ ਗੁੱਸੇ 'ਚ ਆਈਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ।
ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਭਾਜਪਾ ਦੇ ਕੇਂਦਰੀ ਤੇ ਸਥਾਨਕ ਵੱਡੇ ਨੇਤਾਵਾਂ ਦਾ ਜਬਰਦਸਤ ਵਿਰੋਧ ਕੀਤਾ ਜਾਵੇਗਾ ਤੇ ਸ਼ੁੱਕਰਵਾਰ ਨੂੰ ਮੋਗਾ ਵਿਖੇ ਹੋਣ ਵਾਲੀ ਅਨੁਰਾਗ ਠਾਕੁਰ ਦੀ ਰੈਲੀ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਹੋਰ ਰਾਜਸੀ ਦਲਾਂ ਵਲੋਂ ਕਿਸਾਨੀ ਮੁੱਦਿਆਂ 'ਤੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀਆਂ ਧਿਰਾਂ ਰਾਜਸੀ ਰੋਟੀਆਂ ਸੇਕ ਰਹੀਆਂ ਹਨ। ਹਾਲਾਂਕਿ ਅੱਜ ਕਿਸਾਨ ਭਵਨ ਵਿਖੇ ਮੀਟਿੰਗ ਕਰ ਰਹੇ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਨ ਪੁੱਜੇ ਪੰਜਾਬ ਦੇ ਤਿੰਨ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਕੇਂਦਰੀ ਐਕਟ ਨੂੰ ਨਿਸਫ਼ਲ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਬਿਲ ਲਿਆਉਣ ਲਈ 19 ਅਕਤੂਬਰ ਨੂੰ ਸੈਸ਼ਨ ਸੱਦਣ ਦੀ ਜਾਣਕਾਰੀ ਮਿਲਣ 'ਤੇ ਕਿਸਾਨ ਜਥੇਬੰਦੀਆਂ ਨੇ ਕਾਂਗਰਸੀ ਨੇਤਾਵਾਂ ਦਾ ਘਿਰਾਉ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿਤਾ ਹੈ।
ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ ਤੇ ਨਿਰਭੈਅ ਸਿੰਘ ਢੁੱਡੀਕੇ ਨੇ ਕਿਹਾ ਕਿ ਸੈਸ਼ਨ ਤੋਂ ਅਗਲੇ ਦਿਨ 20 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦੀ ਜਾਵੇਗੀ ਤੇ ਉਸੇ ਦਿਨ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੇਂਦਰੀ ਐਕਟ ਨੂੰ ਨਿਸਫ਼ਲ ਕਰਨ ਲਈ ਜੋ ਬਿਲ ਜਾਂ ਮਤਾ ਲਿਆਂਦਾ ਜਾਵੇਗਾ, ਉਸ ਨੂੰ ਘੋਖ ਪਰਖ ਕੇ ਹੀ ਦਸਿਆ ਜਾ ਸਕਦਾ ਹੈ ਕਿ ਸੂਬਾ ਸਰਕਾਰ ਦਾ ਇਹ ਮਤਾ ਕੇਂਦਰੀ ਐਕਟ
ਨੂੰ ਵਰਜਤ ਕਰਨ ਵਿਚ ਕਿੰਨਾ ਕੁ ਸਹਾਈ ਹੁੰਦਾ ਹੈ?
ਇਕ ਸਵਾਲ ਦੇ ਜਵਾਬ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਰਾਜਪਾਲ ਇਸ ਮਤੇ 'ਤੇ ਹਸਤਾਖ਼ਰ ਨਹੀਂ ਕਰਦੇ ਤਾਂ ਲੋਕਤਾਂਤਰਿਕ ਤਰੀਕੇ ਨਾਲ ਇਸ ਦਾ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਂਜ ਸਰਕਾਰ ਨੇ ਵਿਧਾਨ ਸਭਾ ਵਿਚ ਲਿਆਂਦੇ ਜਾਣ ਵਾਲੇ ਮਤੇ ਬਾਰੇ ਕਿਸਾਨ ਜਥੇਬੰਦੀਆਂ ਕੋਲੋਂ ਵੀ ਕਾਨੂੰਨੀ ਮਾਹਰ ਦੀ ਮਦਦ ਮੰਗੀ ਹੈ ਤਾਂ ਜੋ ਕੇਂਦਰੀ ਐਕਟ ਨੂੰ ਨਿਸਫ਼ਲ ਕਰਨ ਲਈ ਠੋਸ ਕਾਰਵਾਈ ਪਾਈ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋਣ ਦੇ ਦਾਅਵੇ ਨੂੰ ਸਿਰੇ ਤੋਂ ਖ਼ਾਰਜ਼ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਕਰ ਰਹੀਆਂ ਸਾਰੀਆਂ 30 ਜਥੇਬੰਦੀਆਂ ਇਥੇ ਕਿਸਾਨ ਭਵਨ ਵਿਚ ਮੌਜੂਦ ਹਨ ਤੇ ਇਨ੍ਹਾਂ ਵਿਚੋਂ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਹਰਿੰਦਰ ਸਿੰਘ ਲੱਖੋਵਾਲ ਦੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਆਉਣ 'ਤੇ ਮਨਾਹੀ ਰਹੇਗੀ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਮੀਟਿੰਗ ਜਾਂ ਸੰਘਰਸ਼ ਤੋਂ ਵੱਖ ਰਹਿਣ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੇ ਹਿਸਾਬ ਨਾਲ ਵਖਰੇ ਅੰਦਾਜ 'ਚ ਚਲਦੇ ਹਨ ਤੇ ਇਸ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੈ। ਅੱਜ ਕਿਸਾਨਾਂ ਦੀ ਮੀਟਿੰਗ ਵਿਚ ਇੱਕ ਵਿਅਕਤੀ ਵੜਨ 'ਤੇ ਹੰਗਾਮਾ ਵੀ ਹੋਇਆ, ਕਿਉਂਕਿ ਉਹ ਮੀਟਿੰਗ ਕਰ ਰਹੀਆਂ ਜਥੇਬੰਦੀਆਂ ਵਿਚੋਂ ਕਿਸੇ ਨਾਲ ਵੀ ਸਬੰਧਤ ਨਹੀਂ ਸੀ ਤੇ ਇਸੇ ਕਾਰਨ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਹਾਲਾਂਕਿ ਚਰਚਾ ਇਹ ਵੀ ਰਹੀ ਕਿ ਇਹ ਏਜੰਸੀਆਂ ਦੀ ਚਾਲ ਹੈ।
ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਏਜੰਸੀਆਂ ਰਾਹੀਂ ਅੰਦੋਲਨ ਨੂੰ ਖੁਰਦ ਬੁਰਦ ਕਰਨਾ ਚਾਹੁੰਦੀ ਹੈ ਪਰ ਸਾਰੀਆਂ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਸੁਚੇਤ ਕੀਤਾ ਹੋਇਆ ਹੈ ਕਿ ਕਿਸੇ ਤਰ੍ਹਾਂ ਵੀ ਭੜਕਾਉ ਨਹੀਂ ਹੋਣਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲੇ ਬਾਰੇ ਕਿਸਾਨਾਂ 'ਤੇ ਗਲਤ ਦੋਸ਼ ਲਗਾਇਆ ਜਾ ਰਿਹਾ ਹੈ। ਇਸ ਦੇ ਉਲਟ ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਆਗੂ ਇਹ ਬਿਆਨ ਦਿੰਦੇ ਹਨ ਕਿ ਕਿਸਾਨ ਆਉਣਗੇ ਪੈਰਾਂ ਤੇ ਜਾਣਗੇ ਸਟਰੈਚਰ 'ਤੇ ਤਾਂ ਉਨ੍ਹਾਂ 'ਤੇ ਕੋਈ ਮਾਮਲਾ ਦਰਜ ਨਾ ਹੋਣਾ ਮੰਦਭਾਗੀ ਗੱਲ ਹੈ।
ਤਿੰਨ ਮੰਤਰੀਆਂ ਵਲੋਂ ਮੁਲਾਕਾਤ ਉਪਰੰਤ ਪੰਜਾਬ 'ਚ ਕਾਂਗਰਸੀਆਂ ਦੇ ਘਿਰਾਉ ਦਾ ਫ਼ੈਸਲਾ ਮੁਲਤਵੀ, ਸੈਸ਼ਨ ਤੋਂ ਕਿਸਾਨਾਂ 'ਚ ਜਾਗੀ ਵੱਡੀ ਆਸ
image
ਕਿਸਾਨ ਭਵਨ ਵਿਖੇ ਗੱਲਬਾਤ ਕਰਦੇ ਹੋਏ ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਕਿਸਾਨ ਆਗੂ। (ਫ਼ੋਟੋ: ਸੰਤੋਖ ਸਿੰਘ)