
ਕਿਹਾ,ਪੰਜਾਬ ਵਿਚੋਂ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ,ਧੱਕੇਸ਼ਾਹੀ ਅਤੇ ਮਾਫ਼ੀਆ ਖ਼ਤਮ ਕਰਨਾ ਹੈ
ਗੁਰੂਦਵਾਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਚੰਨੀ
ਸ੍ਰੀ ਚਮਕੌਰ ਸਾਹਿਬ : ਦੁਸਹਿਰੇ ਮੌਕੇ ਸ੍ਰੀ ਚਮਕੌਰ ਸਾਹਿਬ ਪਹੁੰਚੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕੇ ਦੁਸਹਿਰਾ ਨੇਕੀ 'ਤੇ ਬਦੀ ਦੀ ਜਿੱਤ ਹੈ, ਇਸ ਸ਼ੁਭ ਦਿਹਾੜੇ ਮੌਕੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਰਾਮ ਚੰਦਰ ਦੀ ਜਿੱਤ ਹੋਈ ਤੇ ਰਾਵਣ ਦੀ ਸੈਨਾ ਦਾ ਅੰਤ ਹੋਇਆ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਪ੍ਰਣ ਲਓ ਕਿ ਪੰਜਾਬ ਵਿਚ ਵੀ ਰਾਮ ਰਾਜ ਦੀ ਸਥਾਪਨਾ ਕਰਨੀ ਹੈ ਤੇ ਬਦੀ ਉੱਤੇ ਨੇਕੀ ਦੀ ਜਿੱਤ ਕਰਵਾਉਣੀ ਹੈ। ਉਨ੍ਹਾਂ ਕਿਹਾ ਪੰਜਾਬ ਵਿਚੋਂ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ,ਧੱਕੇਸ਼ਾਹੀ ਅਤੇ ਮਾਫ਼ੀਆ ਖ਼ਤਮ ਕਰਨਾ ਹੈ।
ਰਾਮਲੀਲਾ ਮੈਦਾਨ 'ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਮੈਨੂੰ ਇਹ ਮੁੱਖ ਮੰਤਰੀ ਦੀ ਕੁਰਸੀ ਮਿਲੀ ਹੈ ਉਹ ਮੈਨੂੰ ਨਹੀਂ ਸਗੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਹਰ ਇਕ ਵਸਨੀਕ ਨੂੰ ਮਿਲੀ ਹੈ। CM ਚੰਨੀ ਨੇ ਕਿਹਾ, ''ਜਦੋਂ ਮੈਂ ਵੋਟਾਂ ਮੰਗਣ ਆਇਆ ਸੀ ਤਾਂ ਕਿਹਾ ਸੀ ਕਿ ਇਕ ਵਾਰ ਸਿੰਗਾਂ ਨੂੰ ਹੱਥ ਪੈ ਲੈਣ ਦਿਓ ਫਿਰ ਜੋ ਮਰਜ਼ੀ ਕਰਵਾ ਲਿਓ, ਹੁਣ ਮੁੱਖ ਮੰਤਰੀ ਅਹੁਦਾ ਮਿਲਣ 'ਤੇ ਵੀ ਜੇ ਕੋਈ ਕਮੀ ਰਹਿ ਜਾਵੇ ਤਾਂ ਤੁਹਾਡੀ (ਲੋਕਾਂ) ਨਹੀਂ ਮੇਰੀ ਗ਼ਲਤੀ ਹੋਵੇਗੀ।
ਉਨ੍ਹਾਂ ਵਿਸ਼ਵਾਸ ਦਵਾਇਆ ਕਿ ਚਮਕੌਰ ਸਾਹਿਬ ਨੂੰ ਪਛੜਿਆ ਇਲਾਕਾ ਕਿਹਾ ਜਾਂਦਾ ਪਰ ਦੋ ਤਿੰਨ ਮਹੀਨਿਆਂ ਵਿਚ ਇਸ ਨੂੰ ਮੋਹਰੀ ਇਲਾਕਾ ਬਣਾਵਾਂਗੇ। CM ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੀ ਜੋ ਪਵਿੱਤਰਤਾ ਹੈ ਉਸ ਨੂੰ ਬਰਕਰਾਰ ਰੱਖਾਂਗਾ।ਇਸ ਸਮੇਂ ਉਨ੍ਹਾਂ ਵੱਖ ਵੱਖ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ।
ਦੱਸ ਦਈਏ ਕਿ ਇਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ।