
ਕਿਸਾਨ ਯੂਨੀਅਨ ਨਡਾਲਾ ਨੇ ਮੋਦੀ ਦਾ ਪੁਤਲਾ ਸਾੜ ਕੇ ਕੀਤਾ ਜ਼ੋਰਦਾਰ ਵਿਰੋਧ, ਹਜ਼ਾਰਾਂ ਲੋਕਾਂ ਨੇ ਕੀਤੀ ਸ਼ਮੂਲੀਅਤ
ਕਿਸਾਨਾਂ ਨੇ 40 ਫੁੱਟ ਦਾ ਪੁਤਲਾ ਫੂਕ ਕੇ ਕਾਰਪੋਰੇਟ ਘਰਾਣਿਆਂ ਸਮੇਤ ਕੇਂਦਰ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜ਼ੀ
ਭੁੱਲਥ (ਅੰਮ੍ਰਿਤਪਾਲ ਬਾਜਵਾ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿਚ ਮੋਦੀ ਸਰਕਾਰ ਖ਼ਿਲਾਫ ਚਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੋਰਚੇ ਦੇ ਸੱਦੇ 'ਤੇ ਕਿਸਾਨ ਯੂਨੀਅਨ ਨਡਾਲਾ ਵੱਲੋਂ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਨਡਾਲਾ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਇਸ ਪੁਤਲੇ ਨੂੰ ਅਗਨੀ ਸੁਰਿੰਦਰ ਪਾਲ ਭਾਰਦਵਾਜ ਨੇ ਦਿਖਾਈ।
ਇਹ ਵੀ ਪੜ੍ਹੋ : Singhu Border Murder ਮਾਮਲਾ : ਸਰਬਜੀਤ ਸਿੰਘ ਤੋਂ ਬਾਅਦ ਇੱਕ ਹੋਰ ਨਿਹੰਗ ਨੇ ਕੀਤਾ ਸਰੰਡਰ
ਇਸ ਮੌਕੇ ਹਜ਼ਾਰਾਂ ਕਿਸਾਨਾਂ, ਮਜਦੂਰਾਂ, ਵਪਾਰੀਆ, ਦੁਕਾਨਦਾਰਾਂ ਤੇ ਆੜਤੀਆਂ ਨੇ ਮੋਦੀ ਖ਼ਿਲਾਫ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਬੱਚਿਆ ਨੇ ਮੋਦੀ ਦੀ ਤਸਵੀਰ ਹਿੱਟ ਕਰਦਿਆਂ ਜ਼ੋਰਦਾਰ ਗੁੱਸੇ ਦਾ ਪ੍ਗਟਾਵਾ ਕੀਤਾ। ਇਸ ਤੋਂ ਪਹਿਲਾਂ ਸਟੇਜ ਤੋਂ ਬੋਲਦਿਆਂ ਕਿਸਾਨ ਆਗੂਆਂ ਜੰਗਵੀਰ ਸਿੰਘ ਚੌਹਾਨ ਕਨਵੀਨਰ ਦੁਆਬਾ ਕਿਸਾਨ ਸੰਘਰਸ਼ ਕਮੇਟੀ, ਕਰਮ ਸਿੰਘ ਢਿਲਵਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਖੋਸਾ, ਬੁਲਾਰੇ ਸੁਰਿੰਦਰ ਸ਼ੇਰਗਿੱਲ, ਅਵਤਾਰ ਸਿੰਘ ਵਾਲੀਆ, ਨੇ ਆਖਿਆ ਕਿ ਇਤਿਹਾਸ ਵਿਚ ਕੋਈ ਐਸੀ ਸਰਕਾਰ ਨਹੀਂ ਵੇਖੀ, ਜੋ ਆਪਣੀ ਹੀ ਪਰਜਾ ਦੇ ਹਿੱਤਾਂ ਦਾ ਘਾਣ ਕਰ ਰਹੀ ਹੋਵੇ। ਮੋਦੀ ਸਰਕਾਰ ਨੇ ਕੰਧ 'ਤੇ ਲਿਖਿਆ ਅਜੇ ਪੜ੍ਹਿਆ ਨਹੀਂ, ਤਿੰਨ ਖੇਤੀ ਵਿਰੋਧੀ ਕਾਲੇ ਕਨੂੰਨ ਘੜ ਕੇ ਜਿਥੇ ਕਿਸਾਨਾਂ ਨੂੰ ਵੰਗਾਰਿਆ ਹੈ। ਉਥੇ ਉਸ ਨੇ ਆਪਣੇ ਆਪ ਨੂੰ ਦੇਸ਼ ਵਿਰੋਧੀ ਹੋਣ ਦਾ ਪ੍ਮਾਣ ਦਿੱਤਾ ਹੈ।
ਉਨ੍ਹਾਂ ਐਲਾਨ ਕੀਤਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਮੋਦੀ ਦੀ ਵੰਗਾਰ ਪਰਵਾਨ ਹੈ। ਜੇ ਲੋਕ ਤਖ਼ਤ 'ਤੇ ਬਿਠਾਉਂਦੇ ਹਨ ਤੇ ਲਾਹ ਵੀ ਦੇਣਗੇ। ਬੁਲਾਰਿਆਂ ਡਾ.ਆਸਾ ਸਿੰਘ ਘੁੰਮਣ, ਸੁਖਪਾਲ ਸਿੰਘ ਚੀਮਾਂ, ਗੁਰਪ੍ਰੀਤ ਸਿੰਘ ਪੱਡਾ, ਡਾ.ਲਖਵਿੰਦਰ ਸਿੰਘ ਦਾਊਦਪੁਰ, ਗੁਰਦੀਪ ਸਿੰਘ ਮਿਰਜਾਪੁਰ, ਫਕੀਰ ਸਿੰਘ ਤਲਵਾੜਾ, ਨੰਬਰਦਾਰ ਬਲਰਾਮ ਸਿੰਘ ਮਾਨ, ਮਾਸਟਰ ਜਸਵੰਤ ਸਿੰਘ ਖੱਖ, ਸਟੀਫਨ ਕਾਲਾ, ਜਸਪ੍ਰੀਤ ਸਿੰਘ ਗੁਰਾਇਆ, ਜਗਜੀਤ ਸਿੰਘ ਭਗਤਾਨਾ, ਡਾ ਸੰਦੀਪ ਪਸਰੀਚਾ, ਮਾਸਟਰ ਬਲਦੇਵ ਰਾਜ ਨੇ ਵੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ 'ਤੇ ਜ਼ੁਲਮ ਕਰਨ ਤੋਂ ਬਾਜ਼ ਆਵੇ, ਕਾਲੇ ਕਨੂੰਨ ਰੱਦ ਕਰੇ ਨਹੀਂ ਤਾਂ ਉਸ ਦਾ ਹਸ਼ਰ ਵੀ ਸਮਕਾਲੀ ਹਾਕਮਾਂ ਵਰਗਾ ਹੋਵੇਗਾ।