
ਕਿਸਾਨ ਉਦੋਂ ਤੱਕ ਦਿੱਲੀ ਤੋਂ ਵਾਪਸ ਨਹੀਂ ਆਉਣਗੇ, ਜਦੋਂ ਤੱਕ ਕਿਸਾਨ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ।
ਚੰਡੀਗੜ੍ਹ - ਪੰਜਾਬ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰੀ ਮੰਤਰੀਆਂ ਨਾਲ ਦਿੱਲੀ ਵਿੱਚ ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਰਾਜ ਸਰਕਾਰ ਸਮੇਤ ਕੇਂਦਰੀ ਪੱਧਰ 'ਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ 18 ਨਵੰਬਰ ਨੂੰ ਚੰਡੀਗੜ੍ਹ ਵਿਖੇ ਅਗਲੀ ਰਣਨੀਤੀ ਉਲੀਕਣ ਲਈ ਮੀਟਿੰਗ ਬੁਲਾਈ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਕਿਸਾਨ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਦੇ ਢਾਂਚੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਉਨ੍ਹਾਂ ਦਾ ਸੰਘਰਸ਼ ਪਹਿਲਾਂ ਵਾਂਗ ਜਾਰੀ ਰਹੇਗਾ।
ਉਨ੍ਹਾਂ ਦੱਸਿਆ ਕਿ 18 ਨਵੰਬਰ ਨੂੰ ਚੰਡੀਗੜ੍ਹ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ 26-27 ਨਵੰਬਰ ਨੂੰ ਦਿੱਲੀ ਚਲੋ ਅੰਦੋਲਨ ਲਈ ਪੰਜਾਬ ਦੇ ਕਿਸਾਨਾਂ ਦੀ ਦਿੱਲੀ ਰਵਾਨਗੀ ਸਬੰਧੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਸੰਗਰੂਰ 'ਚ ਕਿਸਾਨਾਂ ਦੀ ਤਿਆਰੀ ਸ਼ੁਰੂ
ਇਸ ਤਹਿਤ ਕਿਸਾਨ ਹੁਣ 26-27 ਨਵੰਬਰ ਨੂੰ ਕੇਂਦਰ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵੱਲ ਕੂਚ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹੈ। ਇਸ ਦੌਰਾਨ ਵੱਡੀ ਮਾਤਰਾ 'ਚ ਰਾਸ਼ਨ ਦੇ ਨਾਲ-ਨਾਲ ਫ਼ੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਕਿਸਾਨ ਇਸ ਦੀ ਤਿਆਰੀ ਪੂਰੇ ਜੋਸ਼-ਖਰੋਸ਼ ਨਾਲ ਕਰ ਰਹੇ ਹਨ। ਬੀ. ਕੇ. ਯੂ. (ਰਾਜੇਵਾਲ) ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦਾ ਇਸ ਸਬੰਧੀ ਕਹਿਣਾ ਹੈ ਕਿ ਕਿਸਾਨ ਉਦੋਂ ਤੱਕ ਦਿੱਲੀ ਤੋਂ ਵਾਪਸ ਨਹੀਂ ਆਉਣਗੇ, ਜਦੋਂ ਤੱਕ ਕਿਸਾਨ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ।
ਲੁਧਿਆਣਾ 'ਚ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਉੱਚ ਪੱਧਰੀ ਅਤੇ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵਿਖੇ ਹੋਈ, ਜਿਸ ਦੀ ਅਗਵਾਈ ਜਗਦੇਵ ਸਿੰਘ ਕਾਨਿਆਵਾਲੀ ਨੇ ਅਤੇ ਪ੍ਰਧਾਨਗੀ ਹਰਮੀਤ ਸਿੰਘ ਕਾਦੀਆਂ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸ. ਗੁਰਮੀਤ ਸਿੰਘ ਗੋਲੇਵਾਲ ਨੂੰ ਨਿਗਰਾਨ ਕਮੇਟੀ ਦਾ ਚੇਅਰਮੈਨ ਦਾ ਅਹੁਦਾ ਪ੍ਰਦਾਨ ਕੀਤਾ ਗਿਆ।
ਉਨ੍ਹਾਂ ਨੂੰ 3 ਕਮੇਟੀ ਮੈਂਬਰ ਦਿੱਤੇ ਗਏ ਹਨ, ਜਿਨ੍ਹਾਂ 'ਚ ਬਲਜਿੰਦਰ ਸਿੰਘ ਬੱਬੀ (ਮੀਤ ਪ੍ਰਧਾਨ), ਗੁਲਜ਼ਾਰ ਸਿੰਘ ਘੱਲਕਲਾਂ, ਬੂਟਾ ਸਿੰਘ ਚਿਮਨੇਵਾਲਾ ਨੂੰ ਸ਼ਾਮਿਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਰਨਾਲਾ ਤੇ ਸੰਗਰੂਰ ਜਗਸ਼ੀਰ ਸਿੰਘ ਸ਼ੀਰਾ, ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਜਸਵੀਰ ਸਿੰਘ ਲਿੱਟਾਂ, ਮੋਗਾ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਗੁਰਮੀਤ ਸਿੰਘ ਗੋਲੇਵਾਲ, ਮੁਕਤਸਰ ਤੇ ਫ਼ਰੀਦਕੋਟ ਜਗਦੇਵ ਸਿੰਘ ਕਾਨਿਆਵਾਲੀ, ਬਠਿੰਡਾ ਮਾਨਸਾ ਕੁਲਦੀਪ ਸਿੰਘ ਚੱਕਭਾਈਕੇ, ਫ਼ਤਹਿਗੜ੍ਹ ਸਾਹਿਬ, ਮੋਹਾਲੀ ਤੇ ਰੋਪੜ ਤਲਵਿੰਦਰ ਸਿੰਘ ਗਗੋ, ਅੰਮ੍ਰਿਤਸਰ ਤਰਨਤਾਰਨ ਸਾਬਪਾਲ ਸਿੰਘ, ਲੁਧਿਆਣਾ 'ਚ ਵੀਰਪਾਲ ਸਿੰਘ ਘੂੰਗਰਾਣਾ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕਰਨਗੇ।