
ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ, ਠੰਢ ਨੇ ਫੜਿਆ ਜ਼ੋਰ
ਬਠਿੰਡਾ, ਬਰਨਾਲਾ, ਸਿਰਸਾ ਤੇ ਹਿਸਾਰ 'ਚ ਹੋਈ ਗੜੇਮਾਰੀ
ਚੰਡੀਗੜ੍ਹ, 15 ਨਵੰਬਰ: ਐਤਵਾਰ ਨੂੰ ਪਛਮੀ ਗੜਬੜੀ ਕਾਰਨ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਵਿਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਵਿਚ ਦੁਪਹਿਰ ਨੂੰ ਵੀ ਕਾਲੇ ਬੱਦਲ ਛਾਏ ਰਹੇ ਅਤੇ ਸ਼ਾਮ ਵੇਲੇ ਮੀਂਹ ਪਿਆ। ਹਰਿਆਣਾ ਦੇ ਹਿਸਾਰ ਵਿਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ। ਰੇਵਾੜੀ, ਸਿਰਸਾ ਵਿਚ ਹੀ ਮੀਂਹ ਪੈਣ ਦੀ ਜਾਣਕਾਰੀ ਮਿਲੀ ਹੈ। ਪੰਜਾਬ ਵਿਚ ਲੁਧਿਆਣਾ, ਫਿਰੋਜ਼ਪੁਰ, ਪਠਾਨਕੋਟ, ਸੰਗਰੂਰ, ਮੁਕਤਸਰ ਅਤੇ ਅੰਮ੍ਰਿਤਸਰ ਵਿਚ ਮੀਂਹ ਪਿਆ।
ਪੰਜਾਬ ਵਿਚ ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ਵਿਚ ਵੀ ਗੜੇਮਾਰੀ ਦੀਆਂ ਖ਼ਬਰਾਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ 16 ਨਵੰਬਰ ਨੂੰ ਵੀ ਮੌਸਮ ਇਸੇ ਤਰ੍ਹਾਂ ਰਹਿਣ ਵਾਲਾ ਹੈ। ਮੌਸਮ ਵਿਭਾਗ ਦੇ ਡਾਕਟਰ ਕੇ ਕੇ ਗਿੱਲ ਨੇ ਦਸਿਆ ਕਿ ਪਛਮੀ ਗੜਬੜੀ ਕਾਰਨ ਮੀਂਹ ਦੀ ਭਵਿੱਖਬਾਣੀ
ਪਹਿਲਾਂ 15 ਅਤੇ 16 ਨਵੰਬਰ ਨੂੰ ਕੀਤੀ ਗਈ ਸੀ।
ਐਤਵਾਰ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਮੀਂਹ ਦਰਜ ਕੀਤਾ ਗਿਆ। 16 ਨਵੰਬਰ ਨੂੰ ਵੀ ਅਸਮਾਨ 'ਚ ਬੱਦਲਵਾਈ ਰਹੇਗੀ। ਕਈ ਥਾਵਾਂ 'ਤੇ ਹਲਕਾ ਮੀਂਹ ਪੈ ਸਕਦਾ ਹੈ। ਇਸ ਵੇਲੇ ਕਿਸਾਨ ਕਣਕ ਦੀ ਫ਼ਸਲ ਬੀਜਣ ਦੀ ਤਿਆਰੀ ਕਰ ਰਹੇ ਹਨ, ਇਹ ਫ਼ਸਲ ਲਈ ਵਧੀਆ ਹੈ। ਜੇ ਅਸੀਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਇਹ ਮੀਂਹ ਉਨ੍ਹਾਂ ਲਈ ਵੀ ਚੰਗਾ ਹੈ, ਕਿਉਂਕਿ ਇਹ ਮੀਂਹ, ਧੂੰਏਂ ਤੋਂ ਰਾਹਤ ਦੇਵੇਗਾ।
ਦੀਵਾਲੀ ਤੋਂ ਬਾਅਦ ਚੰਡੀਗੜ੍ਹ ਵਿਚ ਠੰਢ ਵਧੇਗੀ। 15 ਨਵੰਬਰ ਨੂੰ ਐਤਵਾਰ ਨੂੰ ਮੀਂਹ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 27 ਤੋਂ 26 ਡਿਗਰੀ ਅਤੇ ਘੱਟੋ ਘੱਟ ਤਾਪਮਾਨ 12 ਤੋਂ 13 ਡਿਗਰੀ ਵਿਚਕਾਰ ਦਰਜ ਕੀਤਾ ਜਾਵੇਗਾ। ਅਗਲੇ ਦਿਨ ਮੰਗਲਵਾਰ ਨੂੰ ਤਾਪਮਾਨ ਹੋਰ ਘੱਟ ਜਾਵੇਗਾ। 16 ਨਵੰਬਰ ਨੂੰ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟੋ ਘੱਟ ਤਾਪਮਾਨ 15 ਡਿਗਰੀ ਦੇ ਆਸ ਪਾਸ ਦਰਜ ਕੀਤਾ ਜਾਵੇਗਾ। ਉਸ ਤੋਂ ਬਾਅਦ 17 ਨਵੰਬਰ ਨੂੰ ਅਸਮਾਨ ਸਾਫ਼ ਹੋਵੇਗਾ। ਹਾਲਾਂਕਿ, ਇਸ ਦਿਨ ਵੱਧ ਤੋਂ ਵੱਧ ਤਾਪਮਾਨ ਇਕ ਡਿਗਰੀ ਵੱਧ ਸਕਦਾ ਹੈ। ਰਾਤ ਦਾ ਤਾਪਮਾਨ ਆਮ ਰਹੇਗਾ। (ਏਜੰਸੀ)
image
ਜਲੰਧਰ ਵਿਚ ਪਏ ਮੀਂਹ ਦੌਰਾਨ ਸਾਈਕਲ 'ਤੇ ਇਕ ਵਿਅਕਤੀ ਅਪਣੀ ਮੰਜ਼ਲ ਵਲ ਜਾਂਦਾ ਹੋਇਆ।