ਤਾਮਿਲਨਾਡੂ: ਐਲਪੀਜੀ ਸਿਲੰਡਰ 'ਚ ਧਮਾਕਾ, ਤਿੰਨ ਮੌਤਾਂ ਅਤੇ ਚਾਰ ਜ਼ਖ਼ਮੀ
ਤਿਰੂਵਨਮਲਾਈ, 15 ਨਵੰਬਰ: ਤਾਮਿਲਨਾਡੂ ਦੇ ਤਿਰੂਵਨਮਲਾਈ ਵਿਚ ਐਤਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਅਰਨੀ ਇਲਾਕੇ ਵਿਚ ਇਕ ਘਰੇਲੂ ਐਲ.ਪੀ.ਜੀ. ਸਿਲੰਡਰ ਫਟਣ ਨਾਲ ਘਰ ਵਿਚ ਕੰਧ ਡਿੱਗਣ ਨਾਲ ਅੱਠ ਸਾਲ ਦੇ ਬੱਚੇ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਹਾਦਸੇ ਦਾ ਕਾਰਨ ਗੈਸ ਲੀਕ ਹੋਣਾ ਦਸਿਆ ਜਾ ਰਿਹਾ ਹੈ। ਅਧਿਕਾਰੀ ਨੇ ਦਸਿਆ ਕਿ ਕਿਰਾਏਦਾਰ ਜੇ ਕਾਮਾਚੀ, ਉਸ ਦੇ ਬੇਟੇ ਜੇ ਹੇਮਾਨਾਥ ਅਤੇ ਗੁਆਂਢੀ ਐਸ ਚੰਦਰਾ ਦੀ ਕੰਧ ਡਿੱਗਣ ਨਾਲ ਮੌਤ ਹੋ ਗਈ। ਹਾਦਸੇ ਵਿਚ ਕਾਮਾਚੀ ਦਾ ਪਤੀ ਐਮ ਜਾਨਕੀਰਮਨ ਅਤੇ ਦੂਜਾ ਪੁੱਤਰ ਜੇ ਸੁਰੇਸ਼ (15) ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਸਿਲੰਡਰ ਫਟਣ ਕਾਰਨ ਮਕਾਨ ਨੂੰ ਦੋ ਹਿੱਸਿਆਂ ਵਿਚ ਵੰਡਣ ਵਾਲੀ ਕੰਧ ਵੀ ਢਹਿ ਗਈ। ਕੰਧ ਦੇ ਇਕ ਪਾਸੇ ਮਕਾਨ ਮਾਲਕ ਸਨ ਅਤੇ ਦੂਜੇ ਪਾਸੇ ਕਿਰਾਏਦਾਰ ਰਹਿੰਦੇ ਸਲ।
ਅਧਿਕਾਰੀ ਨੇ ਪੀਟੀਆਈ ਨੂੰ ਦਸਿਆ ਕਿ ਪੁਧੁਕਾਕੁਰ ਰੋਡ 'ਤੇ ਸਥਿਤ ਇਸ ਮਕਾਨ ਦੀ ਮਾਲਕਣ ਦੀ ਡੀ ਮੁਕਤਾਬਾਈ 90 ਫ਼ੀ ਸਦੀ ਅਤੇ ਉਸਦੀ 15 ਸਾਲ ਦੀ ਧੀ ਡੀ ਮੀਨਾ 50 ਫ਼ੀ ਸਦੀ ਤੱਕ ਝੁਲਸ ਗਈ। ਉਨ੍ਹਾਂ ਦਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਅਰਨੀ ਦੇ ਇਕ ਸਰਕਾਰੀ ਹਸਪਤਾਲ ਵਿਚ ਮੁਢਲੇ ਇਲਾਜ ਤੋਂ ਬਾਅਦ ਨੇੜਲੇ ਵੇੱਲੋਰ ਦੇ ਇਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟ ਕਰਦਿਆਂ ਕਾਮਾਚੀ ਅਤੇ ਚੰਦਰਾ ਦੇ ਪਰਵਾਰਾਂ ਨੂੰ 2-2 ਲੱਖ ਅਤੇ ਗੰਭੀਰ ਜ਼ਖ਼ਮੀਆਂ ਨੂੰ 1 ਲੱਖ ਰੁਪਏ ਅਤੇ ਦਰਮਿਆਨੇ ਜ਼ਖ਼ਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। (ਏਜੰਸੀ)