
ਨੌਜਵਾਨ ਦੇ ਪਿਤਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਤਕਦੀਰ ਸਿੰਘ 2016 ਵਿਚ ਅਮਰੀਕਾ ਗਿਆ ਸੀ
ਕਪੂਰਥਲਾ: ਰੋਜ਼ੀ ਰੋਟੀ ਅਤੇ ਚੰਗੇ ਭਵਿੱਖ ਲਈ ਅਮਰੀਕਾ ਗਏ ਨਡਾਲਾ ਨੇੜਲੇ ਪਿੰਡ ਬਿਲਪੁਰ ਵਾਸੀ ਪੰਜਾਬੀ ਨੋਜਵਾਨ ਦੀ ਕਾਲੇ ਵਿਅਕਤੀ ਵੱਲੋਂ ਮਾਮੂਲੀ ਤਕਰਾਰ ਤੋਂ ਬਾਅਦ ਭਾਰੀ ਕੁੱਟਮਾਰ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਪੰਜਾਬੀ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਹੁਣ ਨੌਜਵਾਨ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਨੌਜਵਾਨ ਦੇ ਪਿਤਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਤਕਦੀਰ ਸਿੰਘ 2016 ਵਿਚ ਅਮਰੀਕਾ ਗਿਆ ਸੀ ਅਤੇ ਹੁਣ ਕੈਲੋਫੋਰਨੀਆ ਵਿਚ ਟਰੱਕ ਚਲਾਉਂਦਾ ਹੈ। ਉਹਨਾਂ ਦੱਸਿਆ ਕਿ 11 ਨਵੰਬਰ ਨੂੰ ਜਦੋਂ ਤਕਦੀਰ ਸਿੰਘ ਕੈਲੋਫੋਰਨੀਆ ਤੋ ਟਰੱਕ ਲੋਡ ਕਰਨ ਲਈ ਐਲਏ ਜਾ ਰਿਹਾ ਸੀ ਤਾਂ ਰਸਤੇ ਵਿਚ ਕਾਰ ਚਾਲਕ ਕਾਲੇ ਵਿਅਕਤੀ ਨਾਲ ਟਰੱਕ ਪਾਸ ਕਰਨ ਵੇਲੇ ਮਮੂਲੀ ਤਕਰਾਰ ਹੋ ਗਈ।
ਕਾਰ ਚਾਲਕ ਨੇ ਟਰੱਕ ਅੱਗੇ ਕਾਰ ਖੜੀ ਕਰਕੇ ਟਰੱਕ ਰੋਕ ਲਿਆ ਅਤੇ ਉਸ ਨੇ ਕਾਰ ਵਿਚੋਂ ਲੋਹੇ ਦੀ ਰਾਡ ਕੱਢ ਕੇ ਜਾਨਲੇਵਾ ਹਮਲਾ ਕਰ ਦਿਤਾ। ਹਮਲੇ ਵਿਚ ਤਕਦੀਰ ਸਿੰਘ ਦੇ ਸਿਰ, ਮੂੰਹ ਅਤੇ ਹੋਰ ਥਾਈਂ ਬਹੁਤ ਸੱਟਾਂ ਲੱਗੀਆ। ਹਮਲਾ ਕਰਨ ਤੋ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਦੋਰਾਨ ਸਾਥੀਆਂ ਨੇ ਪੁਲਿਸ ਨੂੰ ਫੋਨ ਕਰਨ ਤੋ ਬਾਅਦ ਤਕਦੀਰ ਸਿੰਘ ਨੂੰ ਹਸਪਤਾਲ ਪੁਹੰਚਾਇਆ। ਇਸ ਦੋਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਹਮਲਾਵਾਰ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਕਦੀਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਹੁਣ ਉਹਨਾਂ ਦਾ ਪੁੱਤਰ ਖਤਰੇ ’ਚੋਂ ਬਾਹਰ ਹੈ।