
ਅੰਗਰੇਜ਼ੀ ਬੋਲਣ ਵਿਚ ਅਸਮਰੱਥਾ ਦੇ ਕਾਰਨ ਐਮਰਜੈਂਸੀ ਸੇਵਾ 911 ਆਪਰੇਟਰ ਸਮੇਂ ਸਿਰ ਉਹਨਾਂ ਨੂੰ ਮਦਦ ਪ੍ਰਦਾਨ ਕਰਨ ਵਿਚ ਅਸਮਰੱਥ ਹਨ।
ਬਰੈਂਪਟਨ: ਕੈਨੇਡਾ ਵਿਚ ਫੈਮਿਲੀ ਰੀਯੂਨਾਈਟ ਪ੍ਰੋਗਰਾਮ ਤਹਿਤ ਪੰਜਾਬ ਤੋਂ ਜਾਣ ਵਾਲੇ ਬਜ਼ੁਰਗਾਂ ਨੂੰ ਐਮਰਜੈਂਸੀ ਸੇਵਾਵਾਂ ਲੈਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਗਰੇਜ਼ੀ ਬੋਲਣ ਵਿਚ ਅਸਮਰੱਥਾ ਦੇ ਕਾਰਨ ਐਮਰਜੈਂਸੀ ਸੇਵਾ 911 ਆਪਰੇਟਰ ਸਮੇਂ ਸਿਰ ਉਹਨਾਂ ਨੂੰ ਮਦਦ ਪ੍ਰਦਾਨ ਕਰਨ ਵਿਚ ਅਸਮਰੱਥ ਹਨ।
ਸਟੈਟਿਸਟਿਕ ਕੈਨੇਡਾ ਦੀ ਰਿਪੋਰਟ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਐਮਰਜੈਂਸੀ ਸੇਵਾ 911 ’ਤੇ ਕਾਲ ਕਰਨ ਵਾਲੇ 3,418 ਲੋਕਾਂ ਵਿਚੋਂ 923 ਨੇ ਪੰਜਾਬੀ ਬੋਲਣ ਵਾਲੇ ਓਪਰੇਟਰ ਨਾਲ ਗੱਲਬਾਤ ਕਰਵਾਉਣ ਲਈ ਕਿਹਾ। ਇਹ ਅੰਕੜਾ 2020 ਦੇ ਮੁਕਾਬਲੇ 2021 ਵਿਚ 105 ਫੀਸਦੀ ਵੱਧ ਸੀ। ਪਿਛਲੇ ਸਾਲ 67,141 ਪ੍ਰਵਾਸੀ ਬ੍ਰਿਟਿਸ਼ ਕੋਲੰਬੀਆ ਪਹੁੰਚੇ, ਜਿਨ੍ਹਾਂ ਵਿਚੋਂ 20 ਫੀਸਦੀ ਪੰਜਾਬੀ ਸਨ।
ਐਮਰਜੈਂਸੀ ਸੇਵਾਵਾਂ ਦੇ ਪ੍ਰਬੰਧਕਾਂ ਨੇ ਪੰਜਾਬੀ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਵਿਚ ਰਹਿੰਦੇ ਆਪਣੇ ਬਜ਼ੁਰਗਾਂ ਨੂੰ 911 'ਤੇ ਕਾਲ ਕਰਨ 'ਤੇ ਪੁਲਿਸ, ਫਾਇਰ, ਐਂਬੂਲੈਂਸ, ਸ਼ਹਿਰ ਦਾ ਨਾਂਅ ਅੰਗਰੇਜ਼ੀ ਵਿਚ ਬੋਲਣਾ ਸਿਖਾਉਣ। ਜੇਕਰ ਉਹਨਾਂ ਨੂੰ ਪੰਜਾਬੀ ਵਿਚ ਮਦਦ ਦੀ ਲੋੜ ਹੈ ਤਾਂ ਉਹਨਾਂ ਨੂੰ ਘੱਟੋ-ਘੱਟ ਇਕ ਸ਼ਬਦ 'ਪੰਜਾਬੀ' ਜ਼ਰੂਰ ਬੋਲਣਾ ਚਾਹੀਦਾ ਹੈ ਤਾਂ ਜੋ ਉਹ ਉਹਨਾਂ ਨੂੰ ਪੰਜਾਬੀ ਬੋਲਣ ਵਾਲੇ ਕਿਸੇ ਓਪਰੇਟਰ ਨਾਲ ਜਲਦੀ ਜੋੜ ਸਕਣ।
ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਗੈਰ-ਅੰਗ੍ਰੇਜ਼ੀ ਬੋਲਣ ਵਾਲੇ ਬਜ਼ੁਰਗ 911 ਡਾਇਲ ਕਰਨ 'ਤੇ ਚੁੱਪ ਹੋ ਜਾਂਦੇ ਹਨ। ਆਪ੍ਰੇਟਰ ਪੁੱਛਦੇ ਰਹਿੰਦੇ ਹਨ ਪਰ ਸਾਹਮਣੇ ਤੋਂ ਕੋਈ ਜਵਾਬ ਨਹੀਂ ਮਿਲਦਾ। ਓਪਰੇਟਰ ਇਹ ਨਹੀਂ ਸਮਝਦੇ ਕਿ ਉਹਨਾਂ ਨੂੰ ਕਿਸ ਕਿਸਮ ਦੀ ਮਦਦ ਦੀ ਲੋੜ ਹੈ। ਇਹ ਵੀ ਮਦਦਗਾਰ ਹੋ ਸਕਦਾ ਹੈ ਜੇਕਰ ਉਹ ਅੰਗਰੇਜ਼ੀ ਵਿਚ ਲੋਕੇਸ਼ਨ ਦੱਸਦੇ ਹਨ।
ਤਕਰੀਬਨ 18 ਫੀਸਦੀ ਮਾਮਲੇ ਅਜਿਹੇ ਵੀ ਦੇਖੇ ਗਏ ਹਨ, ਜਿਨ੍ਹਾਂ ਵਿਚ ਲੋਕ ਨਵੀਂ ਦਿੱਲੀ (ਭਾਰਤ) ਗੱਲ ਕਰਨ ਲਈ 011 ਦੀ ਬਜਾਏ 911 ਡਾਇਲ ਕਰਦੇ ਹਨ। ਜਦੋਂ ਆਪਰੇਟਰ ਲੋਕੇਸ਼ਨ ਟਰੇਸ ਕਰਕੇ ਉਹਨਾਂ ਤੱਕ ਪਹੁੰਚਦੇ ਹਨ ਤਾਂ ਉਹ ਕਹਿੰਦੇ ਹਨ ਕਿ ਉਹਨਾਂ ਨੇ ਦਿੱਲੀ ਗੱਲ ਕਰਨੀ ਸੀ, ਪਰ ਉਹਨਾਂ ਨੇ ਗਲਤੀ ਨਾਲ 911 ਡਾਇਲ ਕਰ ਦਿੱਤਾ।