ਏਜੰਸੀਆਂ ਵੱਲੋਂ ਪੁਛਗਿਛ ਲਈ ਲਿਜਾਇਆ ਗਿਆ ਸੀ ਦਿੱਲੀ
ਪਠਾਨਕੋਟ: ਪਠਾਨਕੋਟ ਦੇ ਵਾਈਟ ਮੈਡੀਕਲ ਕਾਲਜ ਵਿੱਚੋਂ ਸ਼ੁਕਰਵਾਰ ਨੂੰ ਕੇਂਦਰ ਏਜੰਸੀਆਂ ਵੱਲੋਂ ਡਾਕਟਰ ਰਈਸ ਭੱਟ ਨੂੰ ਪੁਛਗਿਛ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ ਹੈ, ਜਿਸ ਦੇ ਬਾਅਦ ਡਾਕਟਰ ਰਈਸ ਵੱਲੋਂ ਵਾਈਟ ਮੈਡੀਕਲ ਕਾਲਜ ਵਿੱਚ ਆਪਣੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਡਾਕਟਰ ਰਈਸ ਭੱਟ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕੁਝ ਸਾਲ ਪਹਿਲਾਂ ਅਲਫਲਾਹ ਯੂਨੀਵਰਸਿਟੀ ਨਾਲ ਜੁੜੇ ਰਹੇ ਸਨ, ਜਿਸ ਦੇ ਕਾਰਨ ਕੇਂਦਰ ਏਜੰਸੀਆਂ ਵੱਲੋਂ ਪੁਛਗਿਛ ਲਈ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਪੂਰਾ ਮਾਣ ਸਨਮਾਨ, ਜੋ ਡਾਕਟਰਾਂ ਨੂੰ ਦਿੱਤਾ ਜਾਂਦਾ ਹੈ, ਉਸ ਅਨੁਸਾਰ ਹੀ ਰੱਖਿਆ ਗਿਆ ਅਤੇ ਉਨਾਂ ਨੂੰ ਪੁੱਛਗਿੱਛ ਦੇ ਬਾਅਦ ਵਾਪਸ ਭੇਜ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਉਹਨਾਂ ਉੱਪਰ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ ਨਾ ਹੀ ਕੋਈ ਗ੍ਰਿਫ਼ਤਾਰੀ ਕੀਤੀ ਗਈ ਸੀ। ਉਹਨਾਂ ਨੂੰ ਏਜੰਸੀਆਂ ਵੱਲੋਂ ਕੁਝ ਸਵਾਲ ਕੀਤੇ ਗਏ ਸਨ, ਜਿਨ੍ਹਾਂ ਦੇ ਉਹ ਤਸੱਲੀਬਖਸ਼ ਜਵਾਬ ਦੇ ਕੇ ਵਾਪਸ ਆ ਗਏ। ਏਜੰਸੀਆਂ ਨੇ ਉਨਾਂ ਨੂੰ ਆਪਣਾ ਕੰਮ ਕਾਜ ਕਰਨ ਲਈ ਕਹਿ ਦਿੱਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਈਟ ਮੈਡੀਕਲ ਕਾਲਜ ਦੇ ਚੇਅਰਮੈਨ ਸਵਰਨ ਸਲਾਰੀਆ ਨੇ ਦੱਸਿਆ ਕਿ ਉਨਾਂ ਦਾ ਪਰਿਵਾਰ ਸਵਤੰਤਰਤਾ ਸੈਨਾਨੀਆਂ ਦਾ ਪਰਿਵਾਰ ਹੈ। ਉਹ ਦੇਸ਼ ਲਈ ਹਮੇਸ਼ਾ ਜਾਨ ਦੇਣ ਲਈ ਤਿਆਰ ਹਨ।
ਉਹਨਾਂ ਦੱਸਿਆ ਕਿ ਡਾਕਟਰ ਰਈਸ ਭੱਟ ਇੱਕ ਕੁਸ਼ਲ ਸਰਜਨ ਹਨ ਅਤੇ ਨਾਲ ਹੀ ਉਹ ਇੱਕ ਬੇਦਾਗ ਡਾਕਟਰ ਵੀ ਹਨ, ਜਿਨ੍ਹਾਂ ਨੇ 500 ਤੋਂ ਵੱਧ ਸਰਜਰੀਆਂ ਕਰਕੇ ਮਰੀਜ਼ਾਂ ਨੂੰ ਨਵ ਜੀਵਨ ਦਿੱਤਾ ਹੈ। ਉਹਨਾਂ ਦੱਸਿਆ ਕਿ ਏਜੰਸੀਆਂ ਵੱਲੋਂ ਸਿਰਫ ਉਹਨਾਂ ਨੂੰ ਪੁਛਗਿਛ ਲਈ ਲਿਜਾਇਆ ਗਿਆ ਸੀ ਅਤੇ ਏਜੰਸੀਆਂ ਨੇ ਆਪਣੇ ਸਵਾਲਾਂ ਦੇ ਜਵਾਬ ਤਸੱਲੀ ਬਖਸ਼ ਮਿਲਣ ਦੇ ਬਾਅਦ ਉਹਨਾਂ ਨੂੰ ਵਾਪਸ ਆਪਣੀਆਂ ਸੇਵਾਵਾਂ ਦੇਣ ਲਈ ਕਾਲਜ ਵਿੱਚ ਭੇਜ ਦਿੱਤਾ।
