
ਮੋਦੀ ਅਤੇ ਸ਼ਾਹ ਵਿਰੁਧ ਅਮਰੀਕਾ 'ਚ ਦਰਜ 10 ਕਰੋੜ ਡਾਲਰ ਦਾ ਮੁਕੱਦਮਾ ਖ਼ਾਰਜ
ਵਾਸ਼ਿੰਗਟਨ, 15 ਦਸੰਬਰ : ਅਮਰੀਕਾ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁਧ ਦਰਜ ਕਰਾਏ ਗਏ 10 ਕਰੋੜ ਡਾਲਰ ਦੇ ਇਕ ਮੁਕੱਦਮੇ ਨੂੰ ਖ਼ਾਰਜ ਕਰ ਦਿਤਾ ਹੈ। ਇਹ ਮੁਕੱਦਮਾ ਇਕ ਵੱਖਵਾਦੀ ਕਸ਼ਮੀਰ-ਖਾਲਿਸਤਾਨ ਗੁੱਟ ਅਤੇ ਦੋ ਹੋਰ ਵਿਅਕਤੀਆਂ ਵਲੋਂ ਦਰਜ ਕਰਾਇਆ ਗਿਆ ਸੀ। ਪਟੀਸ਼ਨਕਰਤਾ, ਸੁਣਵਾਈ ਦੀਆਂ ਦੋ ਤਰੀਕਾਂ 'ਤੇ ਪੇਸ਼ ਨਹੀਂ ਹੋ ਸਕੇ ਜਿਸ ਦੇ ਬਾਅਦ ਮਾਮਲਾ ਖ਼ਾਰਜ ਕਰ ਦਿਤਾ ਗਿਆ।
ਟੈਕਸਾਸ ਦੇ ਹਿਊਸਟਨ ਵਿਚ 19 ਸਤੰਬਰ, 2019 ਨੂੰ ਆਯੋਜਤ ਹੋਏ 'ਹਾਊਡੀ ਮੋਦੀ' ਪ੍ਰੋਗਰਾਮ ਦੇ ਬਾਅਦ ਇਹ ਮੁਕੱਦਮਾ ਦਰਜ ਕਰਾਇਆ ਗਿਆ ਸੀ। ਪਟੀਸ਼ਨ ਵਿਚ ਭਾਰਤ ਦੀ ਸੰਸਦ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿਤੀ ਗਈ ਸੀ, ਜਿਸ ਦੇ ਤਹਿਤ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰ ਦਿਤਾ ਗਿਆ ਸੀ। ਪਟੀਸ਼ਨਕਰਤਾ ਨੇ ਮੋਦੀ, ਸ਼ਾਹ ਅਤੇ ਲੈਫ਼ਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਤੋਂ ਮੁਆਵਜ਼ੇ ਦੇ ਤੌਰ 'ਤੇ 10 ਕਰੋੜ ਡਾਲਰ ਦੀ ਮੰਗ ਕੀਤੀ ਸੀ। ਢਿੱਲੋਂ ਮੌਜੂਦਾ ਸਮੇਂ 'ਚ ਡਿਫੈਂਸ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਜਨਰਲ ਹਨ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਦੇ ਅਧੀਨ 'ਇੰਟੀਗ੍ਰੇਟਡ ਡਿਫੈਂਸ ਸਟਾਫ਼' ਦੇ ਡਿਪਟੀ ਚੀਫ਼ ਹਨ।
ਅਮਰੀਕਾ ਦੀ ਦਖਣੀ ਟੈਕਸਾਸ ਜ਼ਿਲ੍ਹਾ ਅਦਾਲਤ ਦੇ ਜੱਜ ਫ੍ਰਾਂਸਿਸ ਐਚ ਸਟੇਸੀ ਨੇ 6 ਅਕਤੂਬਰ ਨੂੰ ਦਿਤੇ ਅਪਣੇ ਆਦੇਸ਼ ਵਿਚ ਕਿਹਾ ਸੀ ਕਿ 'ਕਸ਼ਮੀਰ ਖ਼ਾਲਿਸਤਾਨ ਰੈਫਰੈਂਡਮ ਫ਼ਰੰਟ' ਨੇ ਇਸ ਮਾਮਲੇ ਨੂੰ ਅੱਗੇ ਵਧਾਉਣ ਲਈ ਕੁੱਝ ਨਹੀਂ ਕੀਤਾ ਅਤੇ ਸੁਣਵਾਈ ਦੇ ਲਈ ਦੋ ਵਾਰ ਤੈਅ ਕੀਤੀ ਗਈ ਤਾਰੀਖ਼ 'ਤੇ ਵੀ ਪੇਸ਼ ਨਹੀਂ ਹੋਏ। ਇਸ ਦੇ ਨਾਲ ਹੀ ਜੱਜ ਨੇ ਮਾਮਲਾ ਖ਼ਾਰਜ ਕਰ ਦਿਤਾ। ਟੈਕਸਾਸ ਜ਼ਿਲ੍ਹਾ ਅਦਾਲਤ ਵਿਚ ਜੱਜ ਐਂਡਰਿਊ ਹਨੇਨ ਨੇ 22 ਅਕਤੂਬਰ ਨੂੰ ਮਾਮਲੇ ਨੂੰ ਖ਼ਤਮ ਕਰ ਦਿਤਾ। 'ਕਸ਼ਮੀਰ ਖ਼ਾਲਿਸਤਾਨ ਰੈਫਰੈਂਡਮ ਫ਼ਰੰਟ' ਦੇ ਇਲਾਵਾ ਦੋ ਹੋਰ ਪਟੀਸ਼ਨਕਰਤਾਵਾਂ ਦੀ ਪਛਾਣ ਨਹੀਂ ਹੋ ਸਕੀ।
(ਪੀਟੀਆਈ)