
ਭਾਜਪਾ ਦੇਸ਼ 'ਚ ਵੰਡ ਪਾਉ ਨੀਤੀ 'ਤੇ ਕਰ ਰਹੀ ਹੈ ਕੰਮ : ਸੁਖਬੀਰ ਬਾਦਲ
ਬਠਿੰਡਾ, 15 ਦਸੰਬਰ (ਸੁਖਜਿੰਦਰ ਮਾਨ): ਕਰੀਬ 45 ਸਾਲ ਭਾਜਪਾ ਦੇ ਭਾਈਵਾਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਇਸ ਪਾਰਟੀ ਉਪਰ ਦੇਸ਼ 'ਚ ਵੰਡ ਪਾਉ ਨੀਤੀ ਲਾਗੂ ਕਰਨ ਦੇ ਦੋਸ਼ ਲਗਾਏ ਹਨ।
ਅੱਜ ਬਠਿੰਡਾ ਪੁੱਜੇ ਸਾਬਕਾ ਉਪ ਮੁੱਖ ਮੰਤਰੀ ਨੇ ਅਪਣੇ ਸਾਬਕਾ ਭਾਈਵਾਲਾਂ ਉਪਰ ਸਖ਼ਤ ਸਿਆਸੀ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਪਹਿਲਾਂ ਇਸ ਪਾਰਟੀ ਨੇ ਦੇਸ਼ 'ਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਸ 'ਚ ਲੜਾਇਆ ਤੇ ਹੁਣ ਹਿੰਦੂਆਂ ਤੇ ਸਿੱਖਾਂ 'ਤੇ ਇਹ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੰਤੂ ਪੰਜਾਬ 'ਚ ਇਸ ਨੂੰ ਸਫ਼ਲਤਾ ਨਹੀਂ ਮਿਲੇਗੀ।'' ਅਗਲੇ ਮਹੀਨੇ ਬਠਿੰਡਾ ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਆਗੂਆਂ ਤੇ ਵਰਕਰਾਂ ਨੂੰ ਤਕੜਾ ਕਰਨ ਪੁੱਜੇ ਸੁਖਬੀਰ ਬਾਦਲ ਨੇ ਭਾਜਪਾ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਕਿਸਾਨ ਵੱਡੇ ਦੇਸ਼ ਭਗਤ ਹਨ, ਜਿਨ੍ਹਾਂ ਦੇ ਪੁੱਤਰ ਦੇਸ਼ ਦੀ ਸੇਵਾ ਲਈ ਸਰਹੱਦਾਂ 'ਤੇ ਪਹਿਰਾ ਦੇ ਰਹੇ ਹਨ।
ਸ: ਬਾਦਲ ਦਿੱਲੀ 'ਚ ਖੇਤੀ ਬਿਲਾਂ ਨੂੰ ਵਾਪਸ ਲੈਣ ਲਈ ਚਲ ਰਹੇ ਕਿਸਾਨੀ ਸੰਘਰਸ਼ ਨੂੰ ਭਾਜਪਾ ਸਮਰਥਕਾਂ ਵਲੋਂ ਖ਼ਾਲਿਸਤਾਨੀਆਂ ਤੇ ਵੱਖਵਾਦੀਆਂ ਦਾ ਸੰਘਰਸ਼ ਕਰਾਰ ਦੇਣ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ''ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਪੁਰਾਣੀ ਪਾਰਟੀ ਹੈ, ਜਿਹੜੀ ਭਾਈਚਾਰਕ ਸਾਂਝ ਵਿਚ ਤਰੇੜ ਨਹੀਂ ਆਉਣ ਦੇਵੇਗੀ।''
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਪਹਿਲਾਂ ਉਹ ਇਨ੍ਹਾਂ ਬਿਲਾਂ ਦੇ ਹੱਕ 'ਚ ਇਸ ਕਰ ਕੇ ਬੋਲੇ ਸਨ ਕਿਉਂਕਿ ਭਾਜਪਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਕਿਸਾਨੀ ਦੇ ਵਿਰੋਧ 'ਚ ਹੋਣ 'ਤੇ ਇਸ ਬਿਲ ਵਿਚ ਤਬਦੀਲੀਆਂ ਕਰ ਦਿਤੀਆਂ ਜਾਣਗੀਆਂ। ਸ: ਬਾਦਲ ਨੇ ਕਿਹਾ ਕਿ ਇਹ ਸੰਘਰਸ਼ ਹੁਣ ਇਕੱਲੇ ਕਿਸਾਨਾਂ ਦਾ ਨਹੀਂ, ਬਲਕਿ ਹਰ ਵਰਗ ਦਾ ਬਣ ਗਿਆ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰਦਿਆਂ ਤੁਰਤ ਇਨ੍ਹਾਂ ਕਿਸਾਨ ਵਿਰੋਧੀ ਬਿਲਾਂ ਨੂੰ ਵਾਪਸ ਲੈਣ ਦੀ ਪਹਿਲਕਦਮੀ ਕਰੇ। ਇਸ ਦੌਰਾਨ ਸਾਬਕਾ ਕੌਂਸਲਰ ਬੰਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਭਾਜਪਾ ਆਗੂ ਦਲਜੀਤ ਰੋਮਾਣਾ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਸਿੰਗਲਾ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸਾਬਕਾ ਮੇਅਰ ਬਲਜੀਤ ਸਿੰਘ ਬੀੜਬਹਿਮਣ ਤੇ ਬਲਵੰਤ ਰਾਏ ਨਾਥ ਤੋਂ ਇਲਾਵਾ ਸੀਨੀਅਰ ਅਕਾਲੀ ਦਲਜੀਤ ਸਿੰਘ ਬਰਾੜ, ਬਬਲੀ ਢਿੱਲੋਂ, ਯੂਥ ਵਿੰਗ ਦੇ ਪ੍ਰਧਾਨ ਗਰਦੌਰ ਸਿੰਘ, ਨਿਰਮਲ ਸਿੰਘ ਸੰਧੂ ਆਦਿ ਹਾਜ਼ਰ ਸਨ।
ਇਸ ਖ਼ਬਰ ਨਾਲ ਸਬੰਧਤ ਫੋਟੋ 15 ਬੀਟੀਆਈ 04 ਨੰਬਰ ਵਿਚ ਭੇਜੀ ਜਾ ਰਹੀ ਹੈ।
Photo
ਫ਼ੋਟੋ: ਇਕਬਾਲ ਸਿੰਘ।