
ਕਿਸਾਨਾਂ ਦੀ ਭਲਾਈ ਸਰਕਾਰ ਦੀ ਤਰਜੀਹ, ਸ਼ੰਕੇ ਦੂਰ ਕਰਨ ਲਈ 24 ਘੰਟੇ ਤਿਆਰ : ਮੋਦੀ
ਕਿਹਾ, ਵਿਰੋਧੀ ਪਾਰਟੀਆਂ ਦੀ ਸਾਜ਼ਸ਼ ਹੈ ਕਿਸਾਨ ਅੰਦੋਲਨ
ਕੱਛ (ਗੁਜਰਾਤ), 15 ਦਸੰਬਰ : ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਰਾਜਧਾਨੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਜਾਰੀ ਕਿਸਾਨ ਅੰਦੋਲਨ ਨੂੰ ਵਿਰੋਧੀ ਪਾਰਟੀਆਂ ਦੀ ''ਸਾਜਸ਼'' ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਕਿਸਾਨਾਂ ਦੀ ਭਲਾਈ ਉਨ੍ਹਾਂ ਦੀ ਸਰਕਾਰ ਦੀਆਂ ਸੱਭ ਤੋਂ ਵੱਡੀਆਂ ਤਰਜੀਹਾਂ 'ਚ ਰਿਹਾ ਹੈ ਅਤੇ ਉਨ੍ਹਾਂ ਦੇ ਸ਼ੰਕੇ ਦੂਰ ਕਰਨ ਲਈ ਸਰਕਾਰ 24 ਘੰਟੇ ਤਿਆਰ ਹੈ।
ਮੋਦੀ ਨੇ ਇਥੇ ਬਹੁਤ ਸਾਰੇ ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਸ ਦੇ ਨਾਲ ਹੀ ਸੋਲਰ ਪਾਰਕ ਦਾ ਨੀਂਹ ਪੱਥਰ ਵੀ ਰਖਿਆ । ਇਨ੍ਹਾਂ ਤੋਂ ਇਲਾਵਾ, ਪੀਐਮ ਮੋਦੀ ਨੇ ਕੱਛ 'ਚ ਹੀ ਧੋਰੜੋਂ ਪਿੰਡ ਦੇ ਕਿਸਾਨਾਂ ਦੇ ਇਕ ਸਮੂਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੱਛ 'ਚ ਵੱਸੇ ਪੰਜਾਬ ਦੇ ਕਿਸਾਨਾਂ ਅਤੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਇਹ ਸਿੱਖ ਕਿਸਾਨ ਭਾਰਤ-ਪਾਕਿ ਸਰਹੱਦ ਨੇੜੇ ਦੇ ਇਲਾਕਿਆਂ 'ਚ ਖੇਤੀ ਕਰ ਕੇ ਅਪਣੇ ਜੀਵਨ ਬਤੀਤ ਕਰ ਰਹੇ ਹਨ। ਕੱਝ ਜ਼ਿਲ੍ਹੇ ਦੀ ਤਖਪਤ ਤਹਿਸੀਲ 'ਚ ਕਰੀਬ 5000 ਸਿੱਖ ਪ੍ਰਵਾਰ ਰਹਿੰਦੇ ਹਨ।
ਇਥੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਨੇ ਅਪਣੇ ਸੰਬੋਧਨ ਦੌਰਾਨ ਵਿਰੋਧੀ ਪਾਰਟੀਆਂ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਖੇਤੀਬਾੜੀ ਸੁਧਾਰਾਂ ਦੀ ਮੰਗ ਕਈ ਸਾਲਾਂ ਤੋਂ ਕੀਤੀ ਜਾ ਰਹੀ ਸੀ ਅਤੇ ਕਈ ਕਿਸਾਨ ਸੰਗਠਨ ਵੀ ਇਹ ਮੰਕ ਕਰਦੇ ਸੀ ਕਿ ਕਿਸਾਨਾਂ ਨੂੰ ਕਿਤੇ ਵੀ ਅਨਾਜ ਵੇਚਣ ਦਾ ਵਿਕਲਪ ਦਿਤਾ ਜਾਵੇ। ਮੋਦੀ ਨੇ ਕਿਹਾ ਕਿ ਅੱਜ ਦੇਸ਼ ਨੇ ਜਦੋਂ ਇਹ ''ਇਤਿਹਾਸਕ ਕਦਮ'' ਚੁੱਕ ਲਿਆ ਹੈ ਤਾਂ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਗੁਮਰਾਹ ਕਰਨ 'ਚ ਜੁੱਟ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ''ਅੱਜ ਕੱਲ ਦਿੱਲੀ 'ਚ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਵੱਡੀ ਸਾਜਸ਼ ਚੱਲ ਰਹੀ ਹੈ। ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ ਕਿ ਖੇਤੀਬਾੜੀ ਸੁਧਾਰਾਂ ਦੇ ਬਾਅਦ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਜਾਵੇਗਾ। ਮੋਦੀ ਨੇ ਕਿਹਾ ਅੱਜ ਜੋ ਲੋਕ ਵਿਰੋਧੀ ਪਾਰਟੀ 'ਚ ਬੈਠ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ, ਉਹ ਵੀ ਅਪਣੀ ਸਰਕਾਰ ਦੇ ਸਮੇਂ ਇਨ੍ਹਾਂ ਖੇਤੀ ਸੁਧਾਰਾਂ ਦੇ ਸਮਰਥਨ 'ਚ ਸਨ। ਪਰ ਅਪਣੀ ਸਰਕਾਰ ਦੇ ਰਹਿੰਦੇ ਹੋਏ ਉਹ ਇਹ ਫ਼ੈਸਲਾ ਨਹੀਂ ਲੈ ਪਾਏ। ਕਿਸਾਨਾਂ ਨੂੰ ਝੂਠੇ ਦਿਲਾਸੇ ਦਿੰਦੇ ਰਹੇ।''
ਉਨ੍ਹਾਂ ਕਿਹਾ, ''ਮੈਂ ਅਪਣੇ ਕਿਸਾਨ ਭਰਾਵਾਂ ਨੂੰ ਵਾਰ ਵਾਰ ਦੁਹਰਾਉਂਦਾਂ ਹਾਂ। ਉਨ੍ਹਾਂ ਦੇ ਹਰ ਸ਼ੰਕੇ ਦੇ ਹੱਲ ਲਈ ਸਰਕਾਰ 24 ਘੰਟੇ ਤਿਆਰ ਹੈ। ਕਿਸਾਨਾਂ ਦਾ ਹਿੱਤ ਪਹਿਲੇ ਦਿਨ ਤੋਂ ਸਾਡੀ ਸਰਕਾਰ ਦੀ ਤਰਜੀਹਾਂ ਵਿਚੋਂ ਰਿਹਾ ਹੈ। ਖੇਤੀ 'ਚ ਕਿਸਾਨਾਂ ਦਾ ਖ਼ਰਚ ਘੱਟ ਹੋਵੇ, ਉਨ੍ਹਾਂ ਦੀ ਆਮਦਨ ਵਧੇ ਅਤੇ ਮੁਸ਼ਕਲਾਂ ਘੱਟ ਹੋਣ, ਨਵੇਂ ਵਿਕਲਪ ਮਿਲਣਾ ਇਸ ਦੇ ਲਈ ਅਸੀਂ ਲਗਾਤਾਰ ਕੰਮ ਕੀਤਾ ਹੈ।'' ਉਨ੍ਹਾਂ ਉਮੀਦ ਜਤਾਉਂਦੇ ਹੋਏ ਕਿਹਾ, ''ਕਿਸਾਨਾਂ ਦੇ ਆਸ਼ੀਰਵਾਦ ਦੀ ਤਾਕਤ ਨਾਲ ਜੋ ਵਹਿਮ ਫੈਲਾਉਣ ਵਾਲੇ ਲੋਕ ਹਨ, ਜੋ ਰਾਜਨੀਤੀ ਕਰਨ 'ਤੇ ਤੁਲੇ ਹੋਏ ਹਨ, ਜੋ ਕਿਸਾਨਾਂ ਦੇ ਮੋਢੇ 'ਤੇ ਬੰਦੂਕ ਰੱਖ ਚਲਾ ਰਹੇ ਹਨ, ਦੇਸ਼ ਦੇ ਸਾਰੇ ਜਾਗਰੂਕ ਕਿਸਾਨ, ਉਨ੍ਹਾਂ ਨੂੰ ਵੀ ਹਰਾ ਕੇ ਰਹਿਣਗੇ।'' ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਉਨ੍ਹਾਂ ਵਿਚੋਂ ਦੁਨੀਆਂ ਦਾ ਸੱਭ ਤੋਂ ਵੱਡਾ ਨਵੀਕਰਨੀ ਉਰਜਾ ਪਾਰਕ ਵੀ ਸ਼ਾਮਲ ਹੈ। ਇਸ ਦੀ ਸਥਾਪਨਾ ਕੱਛ ਜ਼ਿਲ੍ਹੇ 'ਚ ਭਾਰਤ-ਪਾਕਿ ਸਰਹੱਦ ਕੋਲ ਖਾਵੜਾ ਪਿੰਡ 'ਚ ਕੀਤੀ ਜਾ ਰਹੀ ਹੈ।
ਡੇਅਰੀ ਕਾਨਟਰੈਕਟ ਰਾਹੀਂ ਸਮਝਾਇਆ ਨਵਾਂ ਖੇਤੀਬਾੜੀ ਕਾਨੂੰਨ
ਪ੍ਰਧਾਨ ਮੰਤਰੀ ਨੇ ਲੋਕਾਂ ਤੋਂ ਸਵਾਲ ਕੀਤਾ ਕਿ ਕੀ ਡੇਅਰੀ ਵਾਲਾ ਉਨ੍ਹਾਂ ਤੋਂ ਦੁੱਧ ਲੈਣ ਦਾ ਕਾਨਟਰੈਕਟ ਕਰਦਾ ਹੈ ਤਾਂ ਕੀ ਉਹ ਉਨ੍ਹਾਂ ਤੋਂ ਗਾਂ, ਮੱਝ ਲੈ ਜਾਂਦਾ ਹੈ ਜਾਂ ਕੋਈ ਫ਼ਲ ਅਤੇ ਸਬਜ਼ੀ ਦੀ ਖੇਤੀ ਕਰਦਾ ਹੈ ਤਾਂ ਉਹ ਉਨ੍ਹਾਂ ਦੀ ਜ਼ਮੀਨ ਲੈ ਜਾਂਦਾ ਹੈ। ਉਨ੍ਹਾਂ ਕਿਹਾ, ''ਦੇਸ਼ 'ਚ ਡੇਅਰੀ ਉਦਯੋਗ ਦਾ ਯੋਗਦਾਨ ਖੇਤੀ ਅਰਥਵਿਵਸਥਾ ਦੇ ਕੁੱਲ ਮੁੱਲ 'ਚ 25 ਫ਼ੀ ਸਦੀ ਤੋਂ ਵੀ ਵੱਧ ਹੈ। ਇਹ ਯੋਗਦਾਨ ਕਰੀਬ ਅੱਠ ਲੱਖ ਕਰੋੜ ਰੁਪਏ ਦਾ ਹੁੰਦਾ ਹੈ। ਦੁੱਧ ਉਤਪਾਦਨ ਦਾ ਕੁੱਲ ਮੁੱਲ ਅਨਾਜ ਅਤੇ ਦਾਲ ਦੇ ਕੁੱਲ ਮੁੱਲ ਤੋਂ ਵੀ ਵੱਧ ਹੁੰਦਾ ਹੈ। ਇਸ ਵਿਵਸਥਾ 'ਚ ਪਸ਼ੂਪਾਲਕਾਂ ਨੂੰ ਆਜ਼ਾਦੀ ਮਿਲੀ ਹੋਈ ਹੈ।'' ਉਨ੍ਹਾਂ ਕਿਹਾ, ''ਅੱਜ ਦੇਸ਼ ਪੁੱਛ ਰਿਹਾ ਹੈ ਕਿ ਅਜਿਹੀ ਆਜ਼ਾਦੀ ਅਨਾਜ ਅਤੇ ਦਾਲ ਪੈਦਾ ਕਰਨ ਵਾਲੇ ਛੋਟੇ imageਕਿਸਾਨਾਂ ਨੂੰ ਕਿਉਂ ਨਹੀਂ ਮਿਲਣੀ ਚਾਹੀਦੀ?'' (ਪੀਟੀਆਈ)