
ਸਰਦ ਰੁੱਤ ਸੈਸ਼ਨ ਨਾ ਬੁਲਾ ਕੇ ਕਿਸਾਨਾਂ ਦੇ ਸਵਾਲਾਂ ਤੋਂ ਭੱਜੀ ਸਰਕਾਰ: ਭਗਵੰਤ ਮਾਨ
ਚੰਡੀਗੜ੍ਹ, 15 ਦਸੰਬਰ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਦੀ ਕਠਪੁਤਲੀ ਦਸਦੇ ਹੋਏ ਗੰਭੀਰ ਦੋਸ਼ ਲਗਾਏ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਪਣੀਆਂ ਅਤੇ ਅਪਣੇ ਪ੍ਰਵਾਰ ਦੀਆਂ ਕਮਜ਼ੋਰੀਆਂ ਕਾਰਨ ਮੋਦੀ-ਅਮਿਤ ਸ਼ਾਹ ਕੋਲ ਪੂਰੇ ਪੰਜਾਬ ਦਾ ਹੀ ਸੌਦਾ ਕਰ ਦਿਤਾ ਹੈ। ਇਸ ਨਾਲ ਹੀ ਭਗਵੰਤ ਮਾਨ ਨੇ ਕੈਪਟਨ ਨੂੰ ਚੁਨੌਤੀ ਦਿਤੀ ਹੈ ਕਿ ਜੇਕਰ ਉਨ੍ਹਾਂ ਵਿਚ ਥੋੜ੍ਹੀ ਬਹੁਤੀ ਹਿੰਮਤ ਹੈ ਤਾਂ ਉਹ ਕਿਸਾਨ ਅੰਦੋਲਨ ਵਿਚ ਜਾ ਕੇ ਅੰਨਦਾਤਾ ਦੇ ਹੱਕ ਵਿਚ ਕੇਂਦਰ ਦੀ ਮੋਦੀ ਸਰਕਾਰ ਨੂੰ ਲਲਕਾਰ ਕੇ ਵਿਖਾਉਣ।
ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦੇ ਹੋਏ ਪੁਛਿਆ, ''ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਂ 'ਤੇ ਤੁਸੀਂ ਦਸ ਸਕਦੇ ਹੋ ਕਿ ਚਾਰ ਚਾਲ ਦੇ ਸ਼ਾਸਨ ਅਤੇ ਇਸ ਪੂਰੇ ਕਿਸਾਨ ਅੰਦੋਲਨ ਵਿਚ ਤੁਸੀਂ ਕਿਸਾਨਾਂ ਲਈ ਕਿਹੜਾ ਫ਼ੈਸਲਾਕੁੰਨ ਕਦਮ ਚੁਕਿਆ ਹੈ? ਤੁਹਾਡੀ ਜੀਭ ਉੱਤੇ ਕਿਸ ਨੇ ਜ਼ਿੰਦਾ ਲਗਾਇਆ ਹੈ ਕਿ ਅੰਨਦਾਤਾ ਦੇ ਹੱਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੱਦ ਵਿਰੁਧ ਇਕ ਸ਼ਬਦ ਨਹੀਂ ਬੋਲਿਆ? ਤੁਹਾਡੇ ਪੈਰਾਂ ਵਿਚ ਕਿਸ ਨੇ ਜ਼ੰਜੀਰ ਬੰਨ੍ਹ ਰੱਖੀ ਹੈ ਕਿ ਮੁੱਖ ਮੰਤਰੀ ਦਾ ਫ਼ਰਜ਼ ਨਿਭਾਉਂਦੇ ਹੋਏ ਤੁਸੀਂ ਅੰਦੋਲਨਕਾਰੀ ਕਿਸਾਨਾਂ ਵਿਚ ਨਾ ਜਾ ਕੇ, ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਵਾਧੂ ਸਹੂਲਤਾਵਾਂ ਨਹੀਂ ਦੇ ਸਕਦੇ, ਉਨ੍ਹਾਂ ਦਾ ਹੌਂਸਲਾ ਨਹੀਂ ਵਧਾ ਸਕਦੇ ਅਤੇ ਉਨ੍ਹਾਂ ਵਿਚ ਖੜੇ ਹੋ ਕੇ ਕੇਂਦਰ ਸਰਕਾਰ ਨੂੰ ਸਖ਼ਤ ਸੰਦੇਸ਼ ਨਹੀਂ ਦੇ ਸਕਦੇ ਅਤੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲ ਸਕਦੇ?'' ਭਗਵੰਤ ਮਾਨ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਸਰਦ ਰੁੱਤ ਸੰਸਦ ਸੈਸ਼ਨ ਨਾ ਬੁਲਾਉਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਅਸਲ ਵਿਚ ਮੋਦੀ ਸਰਕਾਰ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਦੇ ਚਲਦਿਆਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਦਬਾਅ ਤੋਂ ਡਰਦੇ ਹੋਏ ਸਰਕਾਰ ਚਰਚਾ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਨੇ ਸੰਸਦ ਵਿਚ ਜ਼ਬਰਦਸਤੀ ਕਾਨੂੰਨ ਪਾਸ ਕਰਨੇ ਸਨ ਤਾਂ ਕੋਰੋਨਾ ਸਮੇਂ ਵੀ ਸੈਸ਼ਨ ਬੁਲਾਇਆ ਜਾ ਸਕਦਾ ਹੈ, ਪ੍ਰੰਤੂ ਜਦੋਂ ਹੁਣ ਕਿਸਾਨਾਂ ਵਲੋਂ ਅਪਣੀ ਹੋਂਦ ਬਚਾਉਣ ਲਈ ਲੜੇ ਜਾ ਰਹੇ ਅੰਦੋਲਨ ਦੇ ਚਲਦਿਆਂ ਸੰਸਦ ਵਿਚ ਘਿਰਨ ਦਾ ਡਰ ਹੈ ਤਾਂ ਸਵਾਲਾਂ ਦਾ ਜਵਾਬ ਦੇਣ ਤੋਂ ਹੱਥ ਖੜੇ ਕਰ ਦਿਤੇ ਹਨ।