
ਹਿੰਦੂ-ਅਮਰੀਕੀ ਭਾਈਚਾਰੇ ਨੇ 1.33 ਲੱਖ ਕਿਲੋ ਭੋਜਨ ਕੀਤਾ ਦਾਨ
ਵਾਸ਼ਿੰਗਟਨ, 15 ਦਸੰਬਰ : ਹਿੰਦੂ-ਅਮਰੀਕੀ ਭਾਈਚਾਰੇ ਨੇ 'ਸੇਵਾ ਦੀਵਾਲੀ ਪਹਿਲ' ਤਹਿਤ ਗਰੀਬਾਂ ਤੇ ਜ਼ਰੂਰਤ ਮੰਦਾਂ ਨੂੰ 1,33,000 ਕਿਲੋ ਤੋਂ ਵੱਧ ਭੋਜਨ ਦਾਨ ਕੀਤਾ ਹੈ। ਭਾਈਚਾਰੇ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੱਭਿਆਚਾਰਕ ਤੇ ਧਾਰਮਕ ਭਾਈਚਾਰਿਆਂ, ਯੋਗ ਸੰਸਥਾਨਾਂ ਅਤੇ ਕਈ ਹੋਰ ਸੰਗਠਨਾਂ ਵਲੋਂ ਲੋਕਾਂ ਨੂੰ ਭੋਜਨ ਮੁਹਈਆ ਕਰਾਉਣ ਦੀ ਸਮੂਹਿਕ ਕੋਸ਼ਿਸ਼ ਨੂੰ ਕਈ ਸੂਬਿਆਂ, ਸ਼ਹਿਰਾਂ ਅਤੇ ਸਥਾਨਕ ਸਰਕਾਰਾਂ ਨੇ ਸਰਾਹਿਆ ਹੈ। ਉਨ੍ਹਾਂ ਦਸਿਆ ਕਿ ਤਕਰੀਬਨ 179 ਸੰਗਠਨਾਂ ਤੇ ਕਈ ਲੋਕਾਂ ਨੇ ਇਕੱਠੇ ਆ ਕੇ ਦੇਸ਼ ਭਰ ਦੇ ਖ਼ੁਰਾਕ ਭੰਡਾਰਾਂ ਲਈ ਭੋਜਨ ਇਕੱਠਾ ਕੀਤਾ।
ਸੇਵਾ ਦੀਵਾਲੀ ਪਹਿਲ ਤਹਿਤ ਦੋ ਮਹੀਨਿਆਂ ਵਿਚ ਅਮਰੀਕਾ ਦੇ 26 ਸੂਬਿਆਂ ਅਤੇ 225 ਸ਼ਹਿਰਾਂ ਤੋਂ 2,49,000 ਪੌਂਡ ਭੋਜਨ ਇਕੱਠੇ ਕੀਤੇ ਗਏ ਅਤੇ 199 ਰਸੋਈਆਂ, ਸੂਪ ਕਿਚਨ ਅਤੇ ਆਸਰਾ ਘਰਾਂ ਨੂੰ ਦਾਨ ਦਿਤਾ ਗਿਆ। ਕਈ ਪ੍ਰਵਾਰ ਅਜੇ ਵੀ ਬਿਲਾਂ ਦਾ ਭੁਗਤਾਨ ਕਰ ਰਹੇ ਹਨ। ਕਨੈਕਟਿਕਟ ਵਿਚ 'ਚਿਨਮਯ ਮਿਸ਼ਨ' ਦੇ ਮੁਖੀ ਵੈਂਕਟ ਗੜੇ ਨੇ ਕਿਹਾ,“ ਇਹ ਦੋ ਮਹੀਨਿਆਂ ਦਾ ਪ੍ਰੋਗਰਾਮ ਸੀ, ਜਿਸ ਵਿਚ ਭੋਜਨ ਇਕੱਠਾ ਕਰ ਕੇ ਸਥਾਨਕ ਖ਼ੁਰਾਕ ਭੰਡਾਰਾਂ ਨੂੰ ਦੇਣਾ ਸੀ। ਇਸ ਪਹਿਲ ਦੀ ਸ਼ੁਰੂਆਤ ਨਿਊ ਜਰਸੀ ਵਿਚ 2018 ਵਿਚ ਕੀਤੀ ਗਈ ਸੀ, ਤਦ ਦੋ ਦਰਜਨ ਤੋਂ ਵੱਧ ਸੰਗਠਨਾਂ ਨੇ ਭਾਈਚਾਰੇ ਦੇ ਲੋਕਾਂ ਦੀ ਮਦਦ ਦੇ ਟੀਚੇ ਨਾਲ ਦੀਵਾਲੀ ਦੌਰਾਨ 18,000 ਪੌਂਡ ਭੋਜਨ ਇਕੱਠਾ ਕੀਤਾ ਸੀ।
2019 ਵਿਚ ਇਸ ਦਾ ਵਿਸਥਾਰ 11 ਸੂਬਿਆਂ ਵਿਚ ਕੀਤਾ ਗਿਆ ਅਤੇ 40 ਤੋਂ ਵੱਧ ਸ਼ਹਿਰਾਂ ਤੋਂ 55,000 ਪੌਂਡ ਭੋਜਨ ਇਕੱਠਾ ਕੀਤਾ ਗਿਆ। (ਪੀਟੀਆਈ)