
ਨਿਸ਼ਾਨ ਸਾਹਿਬ ਦਾ ਕੋਈ ਵਿਵਾਦ ਨਹੀਂ, ਕਾਨੂੰਨ ਰੱਦ ਕਰਵਾਉਣਾ ਹੀ ਇਕਲੌਤਾ ਮਕਸਦ : ਰਾਜੇਵਾਲ.
ਨਿਸ਼ਾਨ ਸਾਹਿਬ ਸਬੰਧੀ ਵਿਵਾਦ 'ਤੇ ਬਲਬੀਰ ਸਿੰਘ ਰਾਜੇਵਾਲ ਨਾਲ ਰੋਜ਼ਾਨਾ ਸਪੋਕਸਮੈਨ ਨੇ ਕੀਤੀ ਗੱਲਬਾਤ
ਨਵੀਂ ਦਿੱਲੀ, 15 ਦਸੰਬਰ (ਚਰਨਜੀਤ ਸਿੰਘ ਸੁਰਖਾਬ): ਬੀਤੇ ਦਿਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਲੋਂ ਨਿਸ਼ਾਨ ਸਾਹਿਬ ਸਬੰਧੀ ਇਕ ਬਿਆਨ ਦਿਤਾ ਗਿਆ। ਇਸ ਬਿਆਨ ਤੋਂ ਬਾਅਦ ਕਾਫ਼ੀ ਵਿਦਾਦ ਛਿੜ ਗਿਆ। ਲੋਕਾਂ ਵਲੋਂ ਰਾਜੇਵਾਲ 'ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ। ਦਰਅਸਲ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਨਿਸ਼ਾਨ ਸਾਹਿਬ ਨਾ ਲਗਾਇਆ ਜਾਵੇ ਤੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਨੂੰ ਕਿਤੇ ਹੋਰ ਲਿਜਾਇਆ ਜਾਵੇ।
ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਜਪਾ ਆਈ.ਟੀ. ਸੈਲ ਵਲੋਂ ਇਸ ਸੰਘਰਸ਼ ਨੂੰ ਗ਼ਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਹਿੰਦੀ ਮੀਡੀਆ ਚੈਨਲ ਵਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਖ਼ਾਲਿਸਤਾਨੀਆਂ ਦਾ ਅੰਦੋਲਨ ਹੈ। ਇਸ ਦੌਰਾਨ ਉਨ੍ਹਾਂ ਨੇ ਨਿਹੰਗ ਸਾਹਿਬ ਤੇ ਬੰਦੂਕ ਦੀ ਫ਼ੋਟੋ ਦਿਖਾਈ। ਮੀਡੀਆ ਵਲੋਂ ਇਸ ਅੰਦੋਲਨ ਨੂੰ ਖ਼ਾਲਿਸਤਾਨੀਆਂ ਦਾ ਅੰਦੋਲਨ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਹੈ। ਸਾਨੂੰ ਚੌਕਸ ਹੋਣਾ ਪਵੇਗਾ ਕਿਉਂਕਿ ਭਾਜਪਾ ਆਈ.ਟੀ.ਸੈੱਲ ਬਹੁਤ ਸਰਗਰਮੀ ਨਾਲ ਇਸ ਅੰਦੋਲਨ ਨੂੰ ਕੁਰਾਹੇ ਪਾਉਣਾ ਚਾਹੁੰਦਾ ਹੈ। ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ। ਰਾਜੇਵਾਲ ਨੇ ਦਸਿਆ ਕਿ ਉਨ੍ਹਾਂ ਨੇ ਦੂਜੀ ਗੱਲ ਇਹ ਕਹੀ ਸੀ ਕਿ ਇਥੇ ਬਹੁਤ ਸਤਿਕਾਰਯੋਗ ਸੰਤ ਮਹਾਂਪੁਰਸ਼ ਗੁਰਬਾਣੀ ਦੀ ਵਿਆਖਿਆ ਕਰ ਕੇ ਇਤਿਹਾਸ ਨਾਲ ਜੋੜ ਰਹੇ ਹਨ ਤੇ ਉਨ੍ਹਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਇਸ ਅੰਦੋਲਨ ਨੂੰ ਕਿਸਾਨਾਂ ਦਾ ਅੰਦੋਲਨ ਹੀ ਰਹਿਣ ਦੇਣ।
ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਤੀਜੀ ਗੱਲ ਇਹ ਕਹੀ ਸੀ ਕਿ ਇਥੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਹਨ। ਉਨ੍ਹਾਂ ਨੇ ਇਨ੍ਹਾਂ ਦੇ ਲੀਡਰਾਂ ਨਾਲ ਗੱਲ ਕੀਤੀ ਸੀ ਕਿ ਇਨ੍ਹਾਂ ਦੀਆਂ ਛਾਉਣੀਆਂ ਬਦਲੀਆਂ ਜਾਣ, ਇਸ ਲਈ ਅਪੀਲ ਕੀਤੀ ਗਈ ਸੀ। ਰਾਜੇਵਾਲ ਨੇ ਕਿਹਾ ਕਿ ਨਿਹੰਗ ਸਿੰਘਾਂ ਦਾ ਪਹਿਰਾਵਾ ਦੇਖ ਕੇ ਅੰਦੋਲਨ ਨੂੰ ਗ਼ਲਤ ਰੰਗਤ ਦਿਤੀ ਜਾ ਰਹੀ ਹੈ। ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਨਹੀਂ ਕੀਤੀ ਜੇਕਰ ਕਿਸੇ ਨੂੰ ਅਜਿਹਾ ਲਗਦਾ ਹੈ ਤਾਂ ਮੈਂ ਖ਼ਿਮਾ ਦਾ ਜਾਚਕ ਹਾਂ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਅੰਦੋਲਨ ਨੂੰ ਬਚਾਉਣ ਲਈ ਗੱਲ ਕਰਦੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ।.