
ਰਾਕੇਸ਼ ਟਿਕੈਤ ਕਿਸੇ ਸਿਆਸੀ ਦਲ ਵਾਂਗ ਕੰਮ ਨਹੀਂ ਕਰਦੇ
ਜੌਨਪੁਰ - ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਪਾ ਮੁਖੀ ਅਖਿਲੇਸ਼ ਯਾਦਵ ਨੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੂੰ ਚੋਣ ਲੜਨ ਦਾ ਸੱਦਾ ਦੇ ਕੇ ਸੂਬੇ ਦੀ ਸਿਆਸਤ ਗਰਮਾ ਦਿੱਤੀ ਹੈ। ਮੇਰਠ 'ਚ ਇਕੋਂ ਬੈਨਰ 'ਤੇ ਨਜ਼ਰ ਆਉਣ ਤੋਂ ਬਾਅਦ ਹੁਣ ਅਖਿਲੇਸ਼ ਯਾਦਵ ਨੇ ਰਾਕੇਸ਼ ਟਿਕੈਤ 'ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਰਾਕੇਸ਼ ਟਿਕੈਤ ਨੂੰ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਜੇਕਰ ਉਹ ਚੋਣ ਲੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।
ਦੱਸ ਦਈਏ ਕਿ ਇੱਕ ਦਿਨ ਪਹਿਲਾਂ ਮੇਰਠ ਵਿਚ ਅਖਿਲੇਸ਼ ਯਾਦਵ ਅਤੇ ਜਯੰਤ ਚੌਧਰੀ ਦੇ ਨਾਲ ਰਾਕੇਸ਼ ਟਿਕੈਤ ਦੀ ਇੱਕ ਤਸਵੀਰ ਸਾਹਮਣੇ ਆਈ ਸੀ, ਜਿਸ ਨੂੰ ਹੰਗਾਮੇ ਤੋਂ ਬਾਅਦ ਹਟਾ ਦਿੱਤਾ ਗਿਆ ਸੀ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਕਿਹਾ, ‘‘ਰਾਕੇਸ਼ ਟਿਕੈਤ ਕਿਸੇ ਸਿਆਸੀ ਦਲ ਵਾਂਗ ਕੰਮ ਨਹੀਂ ਕਰਦੇ। ਉਹ ਹਮੇਸ਼ਾ ਕਿਸਾਨਾਂ ਦੀ ਗੱਲ ਕਰਦੇ ਹਨ, ਉਨ੍ਹਾਂ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਜੇਕਰ ਉਹ ਚੋਣਾਂ ਲੜਨਾ ਚਾਹੁੰਦੇ ਹਨ ਤਾਂ ਚੰਗੀ ਗੱਲ ਹੈ, ਉਨ੍ਹਾਂ ਦਾ ਸਵਾਗਤ ਹੈ।’’
Akhilesh Yadav
ਅਖਿਲੇਸ਼ ਨੇ ਕਿਹਾ ਕਿ ਭਾਜਪਾ ਪਾਰਟੀ ਜਨਤਾ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੀ ਹੈ। ਭਾਜਪਾ ਦੀ ਕਹਿਣੀ ਅਤੇ ਕਰਨੀ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਭਾਜਪਾ ਕਿਸੇ ਵਾਅਦੇ ’ਤੇ ਖਰੀ ਨਹੀਂ ਉਤਰੀ ਹੈ ਅਤੇ ਜੇਕਰ ਇਕ ਲਾਈਨ ਵਿਚ ਕਿਹਾ ਜਾਵੇ ਤਾਂ ਭਾਜਪਾ ਜੁਮਲਿਆਂ ਦੀ ਸਰਕਾਰ ਹੈ। ਚੋਣਾਂ ਵਿਚ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਉਹ ਧਾਰਮਿਕ ਚਸ਼ਮਾ ਪਹਿਨ ਲੈਂਦੀ ਹੈ।