
ਦੋਸ਼ੀ ਵਿਅਕਤੀ ਨੂੰ ਪੁਲਿਸ ਹਵਾਲੇ ਕੀਤਾ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਨਿੰਦਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਦਰਬਾਰ ਸਾਹਿਬ ਵਿਖੇ ਨੌਜੁਆਨ ਵਲੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਨੂੰ ਸਰੋਵਰ ਵਿਚ ਸੁੱਟਣ ਦੀ ਹਿਮਾਕਤ ਕੀਤੀ ਹੈ । ਇਸ ਸਬੰਧੀ ਪਤਾ ਲੱਗਾ ਹੈ ਕਿ ਨੌਜੁਆਨ ਦੀ ਪਹਿਚਾਣ ਰਣਬੀਰ ਸਿੰਘ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜੁਆਨ ਸਿਰ ਤੋਂ ਮੋਨਾ ਹੈ ਤੇ ਜਿਸ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੌਰਾਨ ਪਾਵਨ ਗੁਟਕਾ ਸਾਹਿਬ ਜੇਬ ਤੋਂ ਕੱਢ ਕੇ ਸਰੋਵਰ ਵਿਚ ਸੁੱਟ ਦਿਤਾ ਜਿਸ ਨੂੰ ਉਥੇ ਤਾਇਨਾਤ ਮੁਲਾਜ਼ਮਾਂ ਨੇ ਮੌਕੇ ’ਤੇ ਕਾਬੂ ਕਰ ਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੁਲਿਸ ਹਵਾਲੇ ਕਰ ਦਿਤਾ ਗਿਆ ਹੈ।
harjinder singh dhami
ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਹ ਘਟਨਾ ਅਚਾਨਕ ਵਾਪਰੀ ਘਟਨਾ ਨਹੀਂ, ਸਗੋਂ ਸੋਚੀ ਸਮਝੀ ਸਾਜ਼ਸ਼ ਹੈ, ਜੋ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦਾ ਯਤਨ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੇ ਪਿੱਛੇ ਕੰਮ ਕਰ ਰਹੀਆਂ ਸ਼ਕਤੀਆਂ ਨੂੰ ਸਾਹਮਣੇ ਲਿਆ ਕੇ ਸਖ਼ਤ ਸਜ਼ਾਵਾਂ ਦਿਤੀਆਂ ਜਾਣ। ਪਹਿਲਾਂ ਵੀ ਵੱਖ-ਵੱਖ ਥਾਵਾਂ ’ਤੇ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਨੇ ਸਿੱਖ ਹਿਰਦਿਆਂ ਤਾਰ-ਤਾਰ ਕੀਤਾ ਹੈ, ਪਰ ਸਰਕਾਰਾਂ ਵਲੋਂ ਦੋਸ਼ੀਆਂ ਦੇ ਪਿੱਛੇ ਕੰਮ ਕਰਦੀਆਂ ਤਾਕਤਾਂ ਨੂੰ ਸਾਹਮਣੇ ਨਹੀਂ ਲਿਆਂਦਾ ਜਾਂਦਾ।