ਖੰਨਾ ਦੇ ਜੀਟੀ ਰੋਡ 'ਤੇ ਬਾਈਕ ਤਿਲਕਣ ਕਾਰਨ ਹੋਇਆ ਹਾਦਸਾ
ਖੰਨਾ (ਰਾਜ) : ਜੀਟੀ ਰੋਡ ’ਤੇ ਮੋਟਰਸਾਈਕਲ ਸਲਿੱਪ ਹੋਣ ਕਾਰਨ ਇਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪੁੱਤਰ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਪ੍ਰਵੀਨ (50) ਵਾਸੀ ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪ੍ਰਵੀਨ ਦੀ ਧੀ ਦਾ ਵਿਆਹ ਆਉਂਦੇ ਮਾਰਚ ਮਹੀਨੇ ਹੋਣਾ ਸੀ।
ਇਸ ਸਬੰਧੀ ਗੱਲਬਾਤ ਲਈ ਪ੍ਰਵੀਨ ਅਪਣੇ ਪੁੱਤਰ ਨਾਲ ਪਟਿਆਲਾ ਗਈ ਹੋਈ ਸੀ, ਜਿੱਥੇ ਉਸ ਦੀ ਧੀ ਦਾ ਵਿਆਹ ਹੋਣਾ ਸੀ। ਉਥੋਂ ਵਾਪਸ ਲੁਧਿਆਣਾ ਆਉਂਦੇ ਹੋਏ ਜਦੋਂ ਉਹ ਖੰਨਾ ਜੀਟੀ ਰੋਡ ’ਤੇ ਭੱਟੀਆਂ ਕੋਲ ਪਹੁੰਚੇ ਤਾਂ ਅਚਾਨਕ ਮੋਟਰਸਾਇਕਲ ਸਲਿੱਪ ਹੋ ਗਿਆ।
ਇਸ ਕਾਰਨ ਦੋਵੇਂ ਸੜਕ ’ਤੇ ਡਿੱਗ ਪਏ। ਪ੍ਰਵੀਨ ਦਾ ਸਿਰ ਡਿਵਾਇਡਰ ਨਾਲ ਟਕਰਾ ਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਰਾਹਗੀਰਾਂ ਦੀ ਮਦਦ ਨਾਲ ਪ੍ਰਵੀਨ ਨੂੰ ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਇਲਾਜ ਦੌਰਾਨ ਉਸਨੇ ਦਮ ਤੋੜ ਦਿਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀ ਪੁੱਤਰ ਦਾ ਇਲਾਜ ਜਾਰੀ ਹੈ।
