
ਹਵਾਈ ਜਹਾਜ਼ ਦੇ ਈਂਧਣ ਦੀ ਕੀਮਤ ’ਚ 3 ਫ਼ੀ ਸਦੀ ਵਾਧਾ
ਨਵੀਂ ਦਿੱਲੀ, 16 ਜਨਵਰੀ : ਤੇਲ ਮਾਰਕੀਟਿੰਗ ਕੰਪਨੀਆਂ ਨੇ ਸਨਿਚਰਵਾਰ ਨੂੰ ਏ. ਟੀ. ਐੱਫ. ਯਾਨੀ ਹਵਾਈ ਜਹਾਜ਼ ਦੇ ਈਂਧਣ ਦੀਆਂ ਕੀਮਤਾਂ ਵਿਚ 3 ਫ਼ੀ ਸਦੀ ਵਾਧਾ ਕਰ ਦਿਤਾ ਹੈ। ਇਹ ਦੋ ਮਹੀਨਿਆਂ ਵਿਚ ਚੌਥਾ ਵਾਧਾ ਹੈ। ਹਾਲਾਂਕਿ, ਪਟਰੌਲ-ਡੀਜ਼ਲ ਕੀਮਤਾਂ ਵਿਚ ਅੱਜ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਵਿਚ ਹਵਾਬਾਜੀ ਟਰਬਾਈਨ ਈਂਧਨ (ਏ. ਟੀ. ਐੱਫ.) ਦੀ ਕੀਮਤ 1,512.38 ਰੁਪਏ ਪ੍ਰਤੀ ਕਿਲੋਲੀਟਰ ਯਾਨੀ 2.96 ਫ਼ੀ ਸਦੀ ਵੱਧ ਕੇ 52,491.16 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ।
ਇਸ ਤੋਂ ਪਹਿਲਾਂ 1 ਦਸੰਬਰ ਨੂੰ ਏ. ਟੀ. ਐੱਫ. ਦੀ ਕੀਮਤ 3,288.38 ਰੁਪਏ ਪ੍ਰਤੀ ਕਿਲੋਲਿਟਰ ਯਾਨੀ 7.6 ਫ਼ੀ ਸਦੀ ਵਧਾਈ ਗਈ ਸੀ। 16 ਜਨਵਰੀ ਨੂੰ ਏ. ਟੀ. ਐੱਫ. ਦੀ ਕੀਮਤ ਵਿਚ 6.3 ਫ਼ੀ ਸਦੀ ਯਾਨੀ 2,941.5 ਰੁਪਏ ਪ੍ਰਤੀ ਕਿਲੋਲਿਟਰ ਅਤੇ 1 ਜਨਵਰੀ 2021 ਨੂੰ 3.96 ਫ਼ੀ ਸਦੀ ਯਾਨੀ 1,817.62 ਰੁਪਏ ਪ੍ਰਤੀ ਕਿਲੋਲਿਟਰ ਦਾ ਵਾਧਾ ਕੀਤਾ ਗਿਆ ਸੀ। ਏ. ਟੀ. ਐੱਫ. ਕੀਮਤਾਂ ਦੀ ਸਮੀਖਿਆ ਕੌਮਾਂਤਰੀ ਬਾਜਾਰ ਵਿਚ ਕੀਮਤਾਂ ਅਤੇ ਰੁਪਏ ਦੀ ਵਟਾਂਦਰਾ ਦਰ ਦੇ ਆਧਾਰ ’ਤੇ ਹਰ ਮਹੀਨੇ 1 ਤਾਰੀਖ ਅਤੇ 16 ਤਾਰੀਖ ਨੂੰ ਕੀਤੀ ਜਾਂਦੀ ਹੈ।
ਮੁੰਬਈ ਵਿਚ ਏ. ਟੀ. ਐੱਫ. ਦੀ ਕੀਮਤ ਹੁਣ 50,596.02 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ, ਜੋ ਪਹਿਲਾਂ 49,083.65 ਰੁਪਏ ਪ੍ਰਤੀ ਕਿਲੋਲਿਟਰ ਸੀ। ਹਰ ਸੂਬੇ ਵਿਚ ਟੈਕਸ ਦਰਾਂ ਵੱਖ-ਵੱਖ ਹੋਣ ਕਾਰਨ ਕੀਮਤਾਂ ਵਿਚ ਫਰਕ ਹੈ। ਹਵਾਈ ਜਹਾਜ਼ ਦਾ ਈਂਧਣ ਮਹਿੰਗਾ ਹੋਣ ਨਾਲ ਏਅਰਲਾਈਨਾਂ ’ਤੇ ਹੋਰ ਬੋਝ ਵਧੇਗਾ ਜੋ ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਮੁਸ਼ਕਲ ਦਾ ਸਾਹਮਣਾ ਕਰ ਰਹੀਆਂ ਹਨ। ਮਹਾਮਾਰੀ ਦੀ ਵਜ੍ਹਾ ਨਾਲ ਮੰਗ ਹੌਲੀ-ਹੌਲੀ ਵੱਧ ਰਹੀ ਹੈ, ਜਦੋਂ ਕਿ ਸਰਕਾਰ ਨੇ ਵੀ ਘਰੇਲੂ ਉਡਾਣਾਂ ਲਈ ਕਿਰਾਇਆਂ ਦੀ ਇਕ ਹੱਦ ਨਿਰਧਾਰਤ ਕੀਤੀ ਹੋਈ ਹੈ।
(ਪੀਟੀਆਈ)