
ਨਿਠਾਰੀ ਕਾਂਡ : 12ਵੇਂ ਮਾਮਲੇ ’ਚ ਵੀ ਸੁਰਿੰਦਰ ਕੋਲੀ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
ਗਾਜੀਆਬਾਦ, 16 ਜਨਵਰੀ : ਨੋਇਡਾ ਦੇ ਚਰਚਿਤ ਨਿਠਾਰੀ ਕਾਂਡ ਦੇ 12ਵੇਂ ਮਾਮਲੇ ’ਚ ਵੀ ਸੀਬੀਆਈ ਦੇ ਵਿਸ਼ੇਸ਼ ਜੱਜ ਅਮਿਤ ਵੀਰ ਸਿੰਘ ਦੀ ਅਦਾਲਤ ਨੇ ਸਨਿਚਰਵਾਰ ਨੂੰ ਸੁਰਿੰਦਰ ਕੋਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਸ ’ਤੇ 1.10 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ। ਸੀਬੀਆਈ ਦੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਜੇਪੀ ਸ਼ਰਮਾ ਨੇ ਦਸਿਆ ਕਿ ਨਿਠਾਰੀ ਪਿੰਡ ’ਚ ਰਹਿਣ ਵਾਲੀ 20 ਸਾਲਾ ਲੜਕੀ ਘਰਾਂ ਦਾ ਕੰਮਕਾਜ ਕਰਦੀ ਸੀ। 12 ਨਵੰਬਰ 2006 ਨੂੰ ਉਹ ਕੰਮ ’ਤੇ ਗਈ ਪਰ ਵਾਪਸ ਨਹੀਂ ਪਰਤੀ।
ਪ੍ਰਵਾਰਕ ਮੈਂਬਰਾਂ ਨੇ ਕਾਫੀ ਲੱਭਿਆ ਪਰ ਉਸ ਦਾ ਕੋਈ ਸੁਰਾਗ ਨਾ ਮਿਲਿਆ। ਇਸ ਤੋਂ ਬਾਅਦ ਪਰਵਾਰ ਵਾਲੇ ਲਾਪਤਾ ਦੀ ਰੀਪੋਰਟ ਦਰਜ ਕਰਵਾਉਣ ਸਥਾਨਕ ਥਾਣੇ ਪੁੱਜੇ, ਪਰ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤੀ। ਇਸ ਤੋਂ ਬਾਅਦ 29 ਦਸੰਬਰ 2006 ਨੂੰ ਮਨਿੰਦਰ ਸਿੰਘ ਪੰਧੇਰ ਦੀ ਕੋਠੀ ਤੋਂ ਬੱਚੀਆਂ ਤੇ ਲੜਕੀਆਂ ਦੀਆਂ ਜੁੱਤੀਆਂ, ਚੱਪਲਾਂ ਤੇ ਕੱਪੜੇ ਵੀ ਬਰਾਮਦ ਹੋਏ ਸਨ। ਇਸ ਦੇ ਆਧਾਰ ’ਤੇ ਹੌਲੀ-ਹੌਲੀ ਉਨ੍ਹਾਂ ਦੀ ਪਛਾਣ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਕਤਲ, ਅਗਵਾ, ਜਬਰ ਜਨਾਹ, ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ, ਪਰ ਸੀਬੀਆਈ ਨੇ ਗਵਾਹਾਂ ਦੇ ਬਿਆਨ ਦੇ ਆਧਾਰ ’ਤੇ ਮਨਿੰਦਰ ਸਿੰਘ ਪੰਧੇਰ ਨੂੰ ਵੀ ਮੁਲਜਮ ਬਣਾਇਆ ਸੀ। ਸਬੂਤਾਂ ਦੀ ਘਾਟ ’ਚ ਵਿਸ਼ੇਸ਼ ਅਦਾਲਤ ਨੇ ਸ਼ੁਕਰਵਾਰ ਨੂੰ ਮਨਿੰਦਰ ਸਿੰਘ ਪੰਧੇਰ ਨੂੰ ਬਰੀ ਕਰ ਦਿਤਾ ਸੀ। (ਏਜੰਸੀ)