
ਏਮਜ਼ ’ਚ ਸਫ਼ਾਈ ਕਰਮਚਾਰੀ ਨੂੰ ਲਗਿਆ ਕੋਰੋਨਾ ਦਾ ਪਹਿਲਾ ਟੀਕਾ
ਨਵੀਂ ਦਿੱਲੀ, 16 ਜਨਵਰੀ : ਦੇਸ਼ ਵਿਚ ਕੋਰੋਨਾ ਜੰਗ ਦੌਰਾਨ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਉ ਕਾਨਫਰੰਸ ਜ਼ਰੀਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਟੀਕਾਕਰਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ, ਏਮਜ਼ ਡਾਇਰੈਕਟਰ ਰਣਦੀਪ ਗੁਲੇਰੀਆ ਸਮੇਤ ਕਈ ਲੋਕ ਮੌਜੂਦ ਰਹੇ। ਏਮਜ਼ ਵਿਚ ਸੱਭ ਤੋਂ ਪਹਿਲਾਂ ਸਫ਼ਾਈ ਕਰਮਚਾਰੀ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਵਜਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਦਿੱਲੀ ਏਮਜ਼ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ।
ਮੀਡੀਆ ਨਾਲ ਗੱਲ ਕਰਦਿਆਂ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਉਹ ਅੱਜ ਬਹੁਤ ਖੁਸ਼ ਤੇ ਸੰਤੁਸ਼ਟ ਹਨ। ਉਹਨਾਂ ਕਿਹਾ, ‘ਅਸੀਂ ਪਿਛਲੇ ਇਕ ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੋਵਿਡ-19 ਖ਼ਿਲਾਫ਼ ਲੜ ਰਹੇ ਹਾਂ। ਇਹ ਵੈਕਸੀਨ ਕੋਰੋਨਾ ਵਾਇਰਸ ਜੰਗ ਵਿਚ ’ਸੰਜੀਵਨੀ’ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਅਸੀਂ ਪੋਲੀਉ ਦੇ ਵਿਰੁਧ ਲੜਾਈ ਜਿੱਤੀ ਹੈ ਅਤੇ ਹੁਣ ਅਸੀਂ ਕੋਵਿਡ ਵਿਰੁਧ ਜੰਗ ਜਿੱਤਣ ਦੇ ਆਖ਼ਰੀ ਪੜਾਅ ’ਤੇ ਪਹੁੰਚ ਗਏ ਹਨ। ਮੈਂ ਇਸ ਮੌਕੇ ’ਤੇ ਸਾਰੇ ਫਰੰਟ ਲਾਈਨ ਕਰਮੀਆਂ ਨੂੰ ਵਧਾਈ ਦਿੰਦਾ ਹਾਂ।’’ ਉਨ੍ਹਾਂ ਕਿਹਾ ਦੋਨੇ ਟੀਕੇ ਪੂਰੀ ਤਰ੍ਹਾਂ ਸੁਰੱਖਿਆ ਅਤੇ ਪ੍ਰਭਾਵੀ ਹਨ। (ਪੀਟੀਆਈ)