
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਅਜਨਾਲਾ ਅਧੀਨ ਪੈਂਦੇ ਪਿੰਡ ਗੁਰਾਲਾ 'ਚ ਇੱਕ ਭਤੀਜੇ ਨੇ ਆਪਣੇ ਹੀ ਤਾਏ ਦਾ ਕਤਲ ਕਰ ਦਿੱਤਾ ਹੈ।ਮ੍ਰਿਤਕ ਦੀ ਪਹਿਚਾਣ ਗੁਲਜ਼ਾਰ ਮਸੀਹ (65) ਵਜੋਂ ਹੋਈ ਹੈ। ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਪੁਲਿਸ ਨੇ ਪਿੰਡ ਗੁਰਾਲਾ ਦੇ ਵਾਸੀ ਮੂਸਾ ਮਸੀਹ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਗੁਲਜ਼ਾਰ ਮਸੀਹ ਅਤੇ ਪੁੱਤਰ ਮੈਨੁਅਲ ਮਸੀਹ ਮਜ਼ਦੂਰੀ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਆਪਣੇ ਘਰ ਮੁਰਗੀਆਂ ਰੱਖੀਆਂ ਹੋਈਆਂ ਹਨ। ਅਕਸਰ ਮੁਰਗੀਆਂ ਗੁਆਂਢ 'ਚ ਰਹਿੰਦੇ ਮੂਸਾ ਮਸੀਹ ਦੇ ਘਰ ਚਲੀਆਂ ਜਾਂਦੀਆਂ ਸਨ। ਇਸ ਗੱਲ ਨੂੰ ਲੈ ਕੇ ਮੂਸਾ ਝਗੜਾ ਕਰਦਾ ਸੀ।
ਲੋਹੜੀ ਵਾਲੀ ਰਾਤ ਕੁਝ ਮੁਰਗੀਆਂ ਮੂਸੇ ਦੇ ਘਰ ਵੜ ਗਈਆਂ ਤੇ ਰੌਲਾ ਪੈਣ 'ਤੇ ਉਹ ਉਸ ਦੇ ਘਰ ਜਾ ਕੇ ਮੁਰਗੀਆਂ ਲੈ ਕੇ ਆਏ। ਇਸ ਤੋਂ ਬਾਅਦ ਮੂਸਾ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੇ ਘਰ 'ਚ ਦਾਖਲ ਹੋਇਆ ਤੇ ਗਾਲੀ-ਗਲੋਚ ਕਰਦੇ ਹੋਏ ਉਨ੍ਹਾਂ ਦੇ ਪਤੀ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਦੋਂ ਪੁੱਤਰ ਨੇ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੂਸਾ ਨੇ ਉਸ ਨੂੰ ਵੀ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੂਸਾ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਦੋਵੇਂ ਪਿਓ-ਪੁੱਤਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਐਤਵਾਰ ਨੂੰ ਉਸ ਦੇ ਪਤੀ ਗੁਲਜ਼ਾਰ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।