
ਨਿਗਮ ਅਤੇ ਨਗਰ ਕੌਂਸਲ ਚੋਣਾਂ
ਹਾਰ ਹੁੰਦੀ ਵੇਖ ਕੇ ਭਾਜਪਾ ਅਤੇ 'ਆਪ' ਪਾ ਰਹੀਆਂ ਨੇ ਚੀਕ-ਚਿਹਾੜਾ : ਕੈਪਟਨ
ਚੰਡੀਗੜ੍ਹ, 16 ਫ਼ਰਵਰੀ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲਾਂ ਦੀਆਂ ਚੋਣਾਂ ਵਿਚ ਧਾਂਦਲੀ ਕਰਨ ਦੇ ਲਾਏ ਦੋਸ਼ਾਂ ਨੂੰ ਚੋਣਾਂ ਵਿਚ ਨਜ਼ਰ ਆਉਂਦੀ ਸਪੱਸ਼ਟ ਹਾਰ ਤੋਂ ਘਬਰਾ ਕੇ ਚੀਕ-ਚਿਹਾੜਾ ਪਾਉਣ ਦੀ ਮਿਸਾਲ ਕਰਾਰ ਦਿਤਾ ਹੈ ਜਿਨ੍ਹਾਂ ਦੇ ਨਤੀਜੇ ਬਧਵਾਰ ਨੂੰ ਐਲਾਨੇ ਜਾਣਗੇ | ਮੁੱਖ ਮੰਤਰੀ ਨੇ ਕਿਹਾ, ''ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦਾ ਯਕੀਨਨ ਸਫ਼ਾਇਆ ਹੋ ਜਾਣ ਦੀ ਇਹ ਘਬਰਾਹਟ ਭਰੀ ਪ੍ਰਤੀਕ੍ਰਿਆ ਹੈ |'' ਉਨ੍ਹਾਂ ਕਿਹਾ ਕਿ ਭਾਜਪਾ, 'ਆਪ' ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਨ੍ਹਾਂ ਮਿਊਾਸਪਲ ਚੋਣਾਂ ਵਿਚ ਪੂਰੀ ਤਰ੍ਹਾਂ ਸਫ਼ਾਇਆ ਹੋਣਾ ਤੈਅ ਹੈ ਅਤੇ ਇਨ੍ਹਾਂ ਚੋਣਾਂ ਦੇ ਨਤੀਜੇ ਇਨ੍ਹਾਂ ਪਾਰਟੀਆਂ, ਜੋ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਤੇ ਯਕੀਨ ਪੂਰੀ ਤਰ੍ਹਾਂ ਗੁਆ ਚੁੱਕੀਆਂ ਹਨ, ਦੀ ਹੋਰ
ਵੀ ਭੈੜੀ ਹੋਣ ਵਾਲੀ ਹਾਲਤ ਦੀ ਪੇਸ਼ੀਨਗੋਈ ਸਾਬਤ ਹੋਣਗੇ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਪੰਜਾਬ ਨੂੰ ਬਰਬਾਦ ਕੀਤਾ ਹੈ ਅਤੇ ਇਨ੍ਹਾਂ ਦੇ ਲੋਕ ਤੇ ਪੰਜਾਬ ਵਿਰੋਧੀ ਕਾਰਿਆਂ ਦੀ ਲੰਮੀ ਸੂਚੀ ਵਿਚ ਹੁਣ ਕਾਲੇ ਖੇਤੀ ਕਾਨੂੰਨਾਂ ਦਾ ਨਵਾਂ ਅਧਿਆਏ ਦਰਜ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੁਆਰਾ ਪੂਰਨ ਤੌਰ 'ਤੇ ਨਕਾਰੇ ਜਾਣ ਕਰ ਕੇ ਇਨ੍ਹਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਜੋ ਕਿ ਯਕੀਨੀ ਤੌਰ 'ਤੇ ਅਪਣੀ ਨਾਕਾਮਯਾਬੀ ਲੁਕਾਉਣ ਲਈ ਬਹਾਨੇ ਘੜ ਰਹੀਆਂ ਹਨ |
ਭਾਜਪਾ ਆਗੂ ਤਰੁਣ ਚੁੱਘ ਵਲੋਂ ਕੀਤੀ ਗਈ ਟਿੱਪਣੀ ਕਿ ਪੰਜਾਬ ਦੇ ਲੋਕ ਦਹਿਸ਼ਤ ਅਤੇ ਡਰ ਵਿਚ ਜੀਅ ਰਹੇ ਹਨ, ਦਾ ਕਰਾਰਾ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿਚ ਸਾਰੇ ਦੇਸ਼ ਦੇ ਲੋਕ ਹੀ ਜ਼ਾਲਮ ਕੇਂਦਰ ਸਰਕਾਰ ਦੇ ਖੌਫ਼ ਦੇ ਪਰਛਾਵੇਂ ਹੇਠ ਜਿਉਂ ਰਹੇ ਹਨ ਜਿਸ ਕੇਂਦਰ ਸਰਕਾਰ ਨੇ ਲੋਕਤੰਤਰੀ ਹੋਣ ਦਾ ਨਾਟਕ ਤਕ ਕਰਨਾ ਬੰਦ ਕਰ ਦਿਤਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਹੱਦ ਤਕ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰ ਚੁੱਕੀ ਹੈ ਕਿ ਇਸ ਨੂੰ ਸੋਸ਼ਲ ਮੀਡੀਆ 'ਤੇ ਵੀ ਅਪਣੀ ਜ਼ਰਾ ਕੁ ਜਿੰਨੀ ਵਿਰੁਧ ਬਰਦਾਸ਼ਤ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਭਾਜਪਾ ਦੇ ਲੋਕ ਹੁਣ ਇਹ ਯਕੀਨ ਕਰਨ ਲੱਗ ਪਏ ਹਨ ਕਿ ਦੂਜੀਆਂ ਪਾਰਟੀਆਂ ਵੀ ਸੱਤਾ ਵਿਚ ਆ ਕੇ ਤਾਨਾਸ਼ਾਹੀ ਢੰਗ ਨਾਲ ਸਰਕਾਰਾਂ ਚਲਾ ਰਹੀਆਂ ਹਨ |