
ਆਮ ਆਦਮੀ ਪਾਰਟੀ ਦਲ ਬਦਲੂਆਂ ਦੀ ਦਾਗ਼ੀ ਪਾਰਟੀ, ਲੋਕ ਸੁਚੇਤ ਰਹਿਣ : ਸੁਖਬੀਰ ਬਾਦਲ
ਲੋਕ ਕਾਂਗਰਸ ਦੇ ਭਿ੍ਰਸ਼ਟ ਰਾਜ ਤੋਂ ਖਹਿੜਾ ਛੁਡਾਉਣ ਲਈ ਤਿਆਰ : ਮਲੂਕਾ
ਰਾਮਪੁਰਾ ਫੂਲ, 17 ਫ਼ਰਵਰੀ (ਹਰਿੰਦਰ ਬੱਲੀ) : ਹਲਕੇ ਦੇ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਹੱਕ ਵਿਚ ਇਥੇ ਹੋਈ ਭਾਰੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਥੇ ਪਿਛਲੀ ਦਸ ਸਾਲਾਂ ਦੀ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉਥੇ ਵਾਅਦਾ ਕੀਤਾ ਕਿ ਜੇਕਰ ਲੋਕਾਂ ਨੇ ਸੱਤਾ ਸੌਂਪੀ ਤਾਂ ਕਾਂਗਰਸ ਸਰਕਾਰ ਵਲੋਂ ਬੰਦ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਨਾ ਕੇਵਲ ਲਾਗੂ ਕੀਤਾ ਜਾਵੇਗਾ, ਸਗੋਂ ਪਾਰਟੀ ਵਲੋਂ ਨੌਜਵਾਨਾਂ, ਔਰਤਾਂ ਆਦਿ ਵਰਗਾਂ ਦੇ ਹੱਕ ਵਿਚ ਜਾਰੀ ਕੀਤੇ ਨਵੇਂ ਪ੍ਰੋਗਰਾਮ ਨੂੰ ਵੀ ਅਮਲ ’ਚ ਲਿਆਂਦਾ ਜਾਵੇਗਾ।
ਉਨ੍ਹਾਂ ਆਮ ਆਦਮੀ ਪਾਰਟੀ ਨੂੰ ਦਲ ਬਦਲੂਆਂ ਦੀ ਅਤੇ ਦਾਗ਼ੀ ਪਾਰਟੀ ਕਹਿੰਦਿਆਂ ਦੋਸ਼ ਲਾਇਆ ਕਿ ਇਸ ਪਾਰਟੀ ਵਲੋਂ ਜਾਰੀ 117 ਉਮੀਦਵਾਰਾਂ ਦੀ ਸੂਚੀ ਵਿਚੋਂ 65 ਉਮੀਦਵਾਰ ਦੂਜੀਆਂ ਪਾਰਟੀਆਂ ’ਚੋਂ ਆਏ ਦਲਬਦਲੂ ਲੋਕ ਹਨ, ਜਦਕਿ ਇਹ ਪਾਰਟੀ ਕਹਿੰਦੀ ਨਹੀਂ ਸੀ ਥਕਦੀ ਕਿ ਆਮ ਲੋਕਾਂ ਨੂੰ ਟਿਕਟਾਂ ਦਿਤੀਆਂ ਜਾਣਗੀਆਂ। ਸੁਖਬੀਰ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਜ਼ਬੂਰੀ ’ਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਹੈ, ਪਰ ਇਸ ਗੱਲ ਦਾ ਵੀ ਖ਼ਦਸ਼ਾ ਹੈ ਕਿ ਜੇਕਰ ਇਨ੍ਹਾਂ ਨੂੰ ਜਿੱਤ ਹਾਸਲ ਹੋਈ ਤਾਂ ਫ਼ੋਨ ਕਾਲਾਂ ਦੀ ਰਾਇਸ਼ੁਮਾਰੀ ਦੇ ਨਾਂ ’ਤੇ ਕੇਜਰੀਵਾਲ ਨੂੰ ਵੀ ਮੁੱਖ ਮੰਤਰੀ ਵਜੋਂ ਨਵਾਜ਼ ਸਕਦੇ ਹਨ, ਇਸ ਲਈ ਲੋਕ ਇਨ੍ਹਾਂ ਤੋਂ ਸੁਚੇਤ ਰਹਿਣ।
ਉਨ੍ਹਾਂ ਐਲਾਨ ਕੀਤਾ ਕਿ ਸੱਤਾ ’ਚ ਆਉਣ ’ਤੇ ਕਾਲਜਾਂ ਦੀਆਂ 80 ਫ਼ੀ ਸਦੀ ਸੀਟਾਂ, ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ। ਇਹ ਵੀ ਕਿਹਾ ਕੰਮਕਾਰ ਚਲਾਉਣ ਲਈ ਬੇਰੁਜ਼ਗਾਰ ਨੌਜਵਾਨਾਂ, ਦੁਕਾਨਦਾਰਾਂ, ਵਪਾਰੀਆਂ ਆਦਿ ਲੋੜਵੰਦ ਵਰਗਾਂ ਨੂੰ ਬਿਨਾਂ ਵਿਆਜ/ਸਸਤੀਆਂ ਦਰਾਂ ’ਤੇ ਕਰਜ਼ੇ ਦੇਣ ਦਾ ਸਰਕਾਰ ਪ੍ਰਬੰਧ ਕਰੇਗੀ। ਸੁਖਬੀਰ ਬਾਦਲ ਨੇ ਬੇ-ਘਰੇ ਬੇ-ਜ਼ਮੀਨੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਲੂਕਾ ਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ ਤੇ ਇਨ੍ਹਾਂ ਨੂੰ ਮੰਤਰੀ ਮੈਂ ਬਣਾਵਾਂਗਾ।
ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਹਲਕੇ ਦੇ ਕਾਂਗਰਸੀ ਉਮੀਦਵਾਰ ’ਤੇ ਦੋਸ਼ਾਂ ਦੀ ਝੜੀ ਲਗਾ ਦਿਤੀ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਮਨਜੀਤ ਸਿੰਘ ਬਿੱਟੀ ਨੇ ਅਪਣੀ ਪਾਰਟੀ ਦਾ ਤਿਆਗ ਕਰਦਿਆਂ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿੰਨ੍ਹਾਂ ਦਾ ਸੁਖਬੀਰ ਬਾਦਲ ਤੇ ਮਲੂਕਾ ਨੇ ਸਵਾਗਤ ਕੀਤਾ। ਇਸ ਮੌਕੇ ਪਾਰਟੀ ਦੇ ਸਹਿਰੀ ਪ੍ਰਧਾਨ ਸੱਤਪਾਲ ਗਰਗ, ਨਰੇਸ ਸੀਏ, ਸੁਰਿੰਦਰ ਜੌੜਾ, ਵਪਾਰ ਮੰਡਲ ਦੇ ਪ੍ਰਧਾਨ ਗੁਰਤੇਜ ਸਰਮਾ,ਪਰਿੰਸ ਨੰਦਾ, ਸੁਰਿੰਦਰ ਗਰਗ ਸਮੇਤ ਹੋਰ ਅਕਾਲੀ ਬਸਪਾ ਆਗੂ/ਵਰਕਰ ਵੀ ਹਾਜ਼ਰ ਸਨ।
ਫੋਟੋ:
ਰਾਮਪੁਰਾ ਫੂਲ ਵਿਖੇ ਸਿਕੰਦਰ ਸਿੰਘ ਮਲੂਕਾ ਦੇ ਹੱਕ ਵਿਚ ਹੋਈ ਚੋਣ ਰੈਲੀ ਦਾ ਦਿ੍ਰਸ਼। (ਫ਼ੋਟੋ ਬੱਲੀ)