
ਆਮ ਆਦਮੀ ਪਾਰਟੀ ਅਤੇ ਅਕਾਲੀਆਂ ਦਾ ਗਠਜੋੜ ਹੁਣ ਬਹੁਤ ਸਪੱਸ਼ਟ ਹੈ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਿਰਫ ਦੋ ਦਿਨ ਬਾਕੀ ਹਨ, ਇਸ ਦੌਰਾਨ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਦਿਲਚਸਪ ਤਸਵੀਰ ਸਾਹਮਣੇ ਆਈ ਹੈ। ਦਰਅਸਲ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਆਮ ਆਦਮੀ ਪਾਰਟੀ ਦੇ ਦਫ਼ਤਰ ਪਹੁੰਚੇ, ਇਸ ਦੌਰਾਨ ਉਹਨਾਂ ਨੇ ‘ਆਪ’ ਆਗੂ ਕੁਣਾਲ ਧਵਨ ਨੂੰ ਜੱਫੀ ਵੀ ਪਾਈ।
Akali leader Bikram Majithia met AAP Leader Kunal Dhawan
ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਕੁਣਾਲ ਧਵਨ ਮੇਰੇ ਬਹੁਤ ਸਤਿਕਾਰਯੋਗ ਹਨ। ਅਸੀਂ ਹਲਕੇ ਦੇ ਵਿਕਾਸ ਲਈ ਦੋਵੇਂ ਭਰਾ ਮਿਲੇ ਹਾਂ ਅਤੇ ਸਲਾਹ ਮਸ਼ਵਰਾ ਕੀਤਾ ਹੈ। ਇਕ ਭਰਾ ਚੋਣ ਲੜ ਰਿਹਾ ਹੈ ਅਤੇ ਇਕ ਭਰਾ ਚੋਣ ਨਹੀਂ ਲੜ ਰਿਹਾ। ਇਸ ਲਈ ਜਿਹੜਾ ਚੋਣ ਲੜ ਰਿਹਾ ਹੈ, ਉਸ ਦੀ ਬਾਂਹ ਬਣਨ ਦਾ ਕੰਮ ਵੀ ਦੂਜਾ ਭਰਾ ਹੀ ਕਰੇਗਾ।
Akali leader Bikram Majithia met AAP Leader Kunal Dhawan
ਆਮ ਆਦਮੀ ਪਾਰਟੀ ਦੇ ਆਗੂ ਕੁਣਾਲ ਧਵਨ ਨੇ ਕਿਹਾ ਕਿ ਬਿਕਰਮ ਮਜੀਠੀਆ ਅਕਾਲੀ ਦਲ ਦਾ ਹੀਰਾ ਹੈ ਅਤੇ ਉਹ ਮੇਰੇ ਵੱਡੇ ਭਰਾ ਹਨ। ਮੈਂ ਆਮ ਆਦਮੀ ਪਾਰਟੀ ਦਾ ਸੇਵਕ ਹਾਂ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਛੋਟਾ ਜਿਹਾ ਸ਼ਹਿਰ ਹੈ ਤੇ ਛੋਟੀ ਜਿਹੀ ਬਾਗਵਾਨੀ ਹੈ। ਉਹਨਾਂ ਕਿਹਾ ਕਿ ਸਿਆਸੀ ਸਬੰਧ ਅਤੇ ਨਿੱਜੀ ਸਬੰਧਾਂ ਵਿਚ ਫਰਕ ਹੈ। ਨਿੱਜੀ ਤੌਰ ’ਤੇ ਬਿਕਰਮ ਮਜੀਠੀਆ ਦਾ ਮੇਰੇ ਘਰ ਅਤੇ ਦਫ਼ਤਰ ’ਤੇ ਹਮੇਸ਼ਾਂ ਸਵਾਗਤ ਹੈ। ਉਹਨਾਂ ਕਿਹਾ ਕਿ ਸਾਡੀ ਮੁਲਾਕਾਤ ਦੇ ਸਿਆਸੀ ਮਾਇਨੇ ਨਾ ਕੱਢੇ ਜਾਣ। ਮੈਂ ਪੰਜਾਬ ਦੀ ਸੇਵਾ ਕਰਨ ਲਈ ਪੰਜਾਬ ਦੀ ਸਿਆਸਤ ਵਿਚ ਆਇਆ ਹਾਂ।
ਆਮ ਆਦਮੀ ਪਾਰਟੀ ਅਤੇ ਅਕਾਲੀਆਂ ਦਾ ਗਠਜੋੜ ਹੁਣ ਬਹੁਤ ਸਪੱਸ਼ਟ ਹੈ- CM ਚੰਨੀ
ਇਸ ਤਸਵੀਰ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਪਸ ਵਿਚ ਮਿਲੇ ਹੋਏ ਹਨ। ਉਹਨਾਂ ਲਿਖਿਆ,'' ਆਮ ਆਦਮੀ ਪਾਰਟੀ ਅਤੇ ਅਕਾਲੀਆਂ ਦਾ ਗਠਜੋੜ ਹੁਣ ਬਹੁਤ ਸਪੱਸ਼ਟ ਹੈ। ਇਹ ਸਾਰੀਆਂ ਤਾਕਤਾਂ ਪੰਜਾਬ ਵਿਚ ਕਾਂਗਰਸ ਨੂੰ ਹਰਾਉਣ ਲਈ ਇਕੱਠੀਆਂ ਹੋ ਰਹੀਆਂ ਹਨ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ। ਉਹ ਇਨ੍ਹਾਂ ਫੁੱਟ ਪਾਊ ਤਾਕਤਾਂ ਨੂੰ ਜ਼ਰੂਰ ਹਰਾਉਣਗੇ।''
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ’ਤੇ ਆਪਸ ਵਿਚ ਮਿਲੇ ਹੋਣ ਸਬੰਧੀ ਬਿਆਨ ਦਿੱਤੇ ਜਾ ਚੁੱਕੇ ਹਨ।, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ 'ਤੇ ਨਸ਼ਾ ਤਸਕਰੀ ਦੇ ਇਲਜ਼ਾਮ ਲਾਉਣ ਦੇ ਮਾਮਲੇ ਵਿਚ ਲਿਖਤੀ ਰੂਪ ਵਿਚ ਮੁਆਫੀ ਵੀ ਮੰਗੀ ਸੀ।